ਤਰਨ ਤਾਰਨ, 18 ਦਸੰਬਰ (ਹਰਿੰਦਰ ਸਿੰਘ)-ਕੇ.ਐਮ.ਐਮ. ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਸਕੱਤਰ ਹਰਜਿੰਦਰ ਸਿੰਘ ਸ਼ੱਕਰੀ ਦੀ ਅਗਵਾਈ ਹੇਠ ਤਰਨ ਤਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੋਰਚਾ ਲਗਾਇਆ ਗਿਆ | ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਫਤਿਹ ਸਿੰਘ ਪਿੱਦੀ, ਬਲਵਿੰਦਰ ਸਿੰਘ ਚੋਹਲਾ ਸਾਹਿਬ ਨੇ ਕਿਹਾ ਕਿ ਸਰਕਾਰ ਸ਼ੰਬੂ ਖਨੌਰੀ ਮੋਰਚੇ 'ਤੇ ਕੀਤੇ ਨੁਕਸਾਨ ਦੀ ਭਰਭਾਈ ਕਰੇ, ਪੰਜਾਬ 'ਚ ਹੜ੍ਹ ਨਾਲ ਹੋਏ ਨੁਕਸਾਨਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ, ਅੰਦੋਲਨ ਦੌਰਾਨ ਹੋਏ ਸ਼ਹੀਦਾਂ ਅਤੇ ਜ਼ਖ਼ਮੀਆਂ ਦਾ ਮੁਆਵਜ਼ਾ ਦਿੱਤਾ ਜਾਵੇ, ਅੰਦੋਲਨ ਦੌਰਾਨ ਹੋਏ ਪਰਚੇ ਰੱਦ ਕੀਤੇ ਜਾਣ ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਏ | ਉਨ੍ਹਾਂ ਕਿਹਾ ਇਹ ਬਿਜਲੀ ਹੁਣ ਪੂਰੀ ਤਰ੍ਹਾਂ ਬਾਜ਼ਾਰੂ ਵਸਤਾਂ ਬਣਾਉਣ ਵੱਲ ਕੇਂਦਰ ਸਰਕਾਰ ਵਧ ਚੁੱਕੀ ਹੈ | ਜੇਕਰ ਕੋਲ ਪੈਸੇ ਹਨ ਤਾਂ ਪ੍ਰੀਪੇਡ ਰੀਚਾਰਜ ਕਰਾਓ ਤੇ ਬਲਬ ਜਗਾਓ, ਜੇਕਰ ਪੈਸੇ ਨਹੀਂ ਤਾਂ ਹਨੇਰੇ 'ਚ ਬੈਠੋ | ਇਸੇ ਕਰਕੇ ਕੁਝ ਮਹੀਨੇ ਪਹਿਲਾਂ ਕੇਂਦਰੀ ਬਿਜਲੀ ਮੰਤਰੀ ਨੇ ਸੂਬਿਆਂ ਦੇ ਬਿਜਲੀ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਕਿਹਾ ਸੀ ਕਿ ਸਮਾਰਟ ਮੀਟਰ ਜਲਦੀ ਲਗਾਓ, ਕਿਉਂਕਿ ਕੇਂਦਰ ਸਰਕਾਰ ਬਿਜਲੀ ਮਹਿਕਮਾ ਮੁਕੰਮਲ ਤੌਰ 'ਤੇ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਯੋਜਨਾ ਬਣਾਈ ਬੈਠੀ ਸੀ | ਜੋ ਹੁਣ ਬਿਜਲੀ ਬਿੱਲ 2025 ਦੇ ਰੂਪ 'ਚ ਸਾਹਮਣੇ ਆ ਗਈ | ਹੁਣ ਤੱਕ ਬਿਜਲੀ ਪੈਦਾ ਕਰਨ ਦੇ ਖੇਤਰ ਦੇ ਵਿਚ ਵੱਡੀ ਪੱਧਰ 'ਤੇ ਪ੍ਰਾਈਵੇਟ ਅਦਾਰੇ ਵੜ ਚੁੱਕੇ ਹਨ, ਪਰ ਬਿਜਲੀ ਵੰਡ ਦਾ ਖੇਤਰ ਅਜੇ ਵੀ ਸਰਕਾਰ ਦੇ ਅਧੀਨ ਚੱਲਿਆ ਆਉਂਦਾ ਸੀ | ਬਿਜਲੀ ਵੰਡ ਦੇ ਖੇਤਰ ਨੂੰ ਪ੍ਰਾਈਵੇਟ ਅਦਾਰੇ ਅਜੇ ਲੈਣਾ ਨਹੀਂ ਚਾਹੁੰਦੇ ਸਨ, ਕਿਉਂਕਿ ਲੱਗਦਾ ਸੀ ਕਿ ਇਸ ਦੇ ਵਿਚ ਕਈ ਤਰ੍ਹਾਂ ਦੇ ਅੜਿੱਕੇ ਹਨ | ਇਸ ਨੂੰ ਹਟਾਉਣ ਦੇ ਲਈ ਭਾਰਤ ਸਰਕਾਰ 2019 ਤੋਂ ਯਤਨ ਕਰ ਰਹੀ ਹੈ, ਪਰ 2020 ਦੇ ਇਤਿਹਾਸਕ ਕਿਸਾਨ ਅੰਦੋਲਨ ਕਰਕੇ ਉਨ੍ਹਾਂ ਨੂੰ ਬਿਜਲੀ ਸੋਧ ਬਿੱਲ 2019 ਵਾਪਸ ਲੈਣਾ ਪਿਆ | ਉਸ ਤੋਂ ਬਾਅਦ 2022 ਦੇ ਵਿੱਚ ਫਿਰ ਬਿਜਲੀ ਸੋਧ ਬਿੱਲ ਲਿਆਂਦਾ ਗਿਆ, ਜਿਸ ਵਿਚ ਸਬਸਿਡੀਆਂ ਅਤੇ ਕ੍ਰੋਸ ਸਬਸਿਡੀ ਨੂੰ ਖ਼ਤਮ ਕਰਨ ਦੀ ਗੱਲ ਅਤੇ ਵੰਡ ਦਾ ਖੇਤਰ ਪੂਰੀ ਤਰ੍ਹਾਂ ਨਿੱਜੀ ਅਦਾਰਿਆਂ ਨੂੰ ਦੇਣ ਦੀ ਦੇਣ ਦੀਆਂ ਮੱਦਾਂ ਲਿਆਂਦੀਆਂ ਗਈਆਂ, ਜਿਸ ਵਿਚ ਇਹ ਕਿਹਾ ਗਿਆ ਕਿ 80 ਹਜ਼ਾਰ ਕਰੋੜ ਦੀ ਬਿਜਲੀ ਵੱਖ ਵੱਖ ਸੂਬਿਆਂ ਵਿਚ ਖੇਤੀ ਟਿਊਬਵਲਾਂ ਨੂੰ ਦਿੱਤੀ ਜਾ ਰਹੀ ਹੈ | ਕਿਸਾਨ ਸੰਘਰਸ਼ ਦੇ ਚਲਦਿਆਂ ਸਰਕਾਰ ਇਸ ਨੂੰ ਵੀ ਲਾਗੂ ਨਹੀਂ ਕਰ ਪਾਈ, ਪਰ ਹੁਣ ਸਾਲ 2025 ਦੇ ਵਿਚ ਸਰਕਾਰ ਨੇ ਉਹੀ ਆਪਣਾ ਸਾਮਾਨ ਅਲਮਾਰੀ 'ਚੋਂ ਮੁੜ ਕੱਢ ਲਿਆਂਦਾ ਹੈ ਅਤੇ ਬਿਜਲੀ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਸਸਤੀ ਬਿਜਲੀ ਦੇਣ ਆਲੇ ਪਾਸੇ ਕਦਮ ਚੁੱਕ ਲਿਆ ਹੈ | ਇਸ ਮੌਕੇ ਨਿਸ਼ਾਨ ਸਿੰਘ ਕੁਹਾੜਕਾ, ਕੁਲਵੰਤ ਸਿੰਘ ਭੈਲ, ਆਤਮਾ ਸਿੰਘ ਘਰਿਆਲੀ, ਦਿਲਬਾਗ ਸਿੰਘ ਪਹੂਵਿੰਡ, ਮੇਹਰ ਸਿੰਘ ਤਲਵੰਡੀ, ਰੂਪ ਸਿੰਘ ਸੈਦੋਂ, ਜੁਗਰਾਜ ਸਿੰਘ ਸਭਰਾ, ਕਰਮਜੀਤ ਸਿੰਘ ਕਰਮੂੰਵਾਲਾ ਆਦਿ ਆਗੂ ਹਾਜ਼ਰ ਸਨ |