ਚੋਹਲਾ ਸਾਹਿਬ, 20 ਦਸੰਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪਿ੍ੰਸੀਪਲ ਡਾ: ਹਰਮਨਦੀਪ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਐੈੱਨ.ਐੱਸ.ਐੱਸ. ਕੈਂਪ ਦੇ ਅੱਜ ਤੀਸਰੇ ਦਿਨ ਦੀ ਸ਼ੁਰੂਆਤ ਸਵੇਰ ਦੀ ਪ੍ਰਾਥਨਾ ਅਤੇ ਸਵੇਰ ਦੀ ਸੈਰ ਨਾਲ ਕਰਵਾਈ ਗਈ | ਪ੍ਰੋ: ਪਿ੍ਤਬੀਰ ਕੌਰ ਨੇ ਐੱਨ.ਐੱਸ.ਐੱਸ. ਵਲੰਟੀਅਰ ਨੂੰ ਸਵੇਰ ਦੀ ਸੈਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਕਾਲਜ ਦੇ ਪ੍ਰੋ. ਬਲਜਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਨਰੋਈ ਸਿਹਤ ਲਈ ਰੋਜਾਨਾ ਕਰਨ ਲਈ ਸਰੀਰਕ ਕਸਰਤਾਂ ਸਿਖਾਈਆਂ | ਉਨ੍ਹਾਂ ਕਿਹਾ ਕਿ ਕਸਰਤ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ | ਇਸ ਉਪਰੰਤ ਵਿਦਿਆਰਥੀਆਂ ਲਈ ਚਾਹ ਦਾ ਪ੍ਰਬੰਧ ਕੀਤਾ ਗਿਆ | ਦੂਜੇ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਯੋਗਾ ਟਰੇਨਰ ਰੋਹਿਤ ਸਾਗਵਨ ਦੁਆਰਾ ਯੋਗ ਆਸਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਯੋਗ ਆਸਣ ਕਰਵਾਏ ਗਏ | ਤੀਜੇ ਸੈਸ਼ਨ ਦੇ ਵਿਚ ਪ੍ਰੋ. ਕਿਰਨਦੀਪ ਕੌਰ ਸਾਇੰਸ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਸਾਫ ਸਫਾਈ, ਸੰਤਲਿਤ ਭੋਜਨ ਅਤੇ ਮਾਨਸਿਕ ਸਿਹਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਬੋਲਦਿਆਂ ਕਿਹਾ ਕਿ ਇਸ ਕੈਂਪ ਦਾ ਮੂਲ ਮੰਤਵ ਵਿਦਿਆਰਥੀਆ ਵਿਚ ਸੇਵਾ ਭਾਵ ਨੂੰ ਪ੍ਰਬਲ ਕਰਨ ਦੇ ਨਾਲ ਨਾਲ ਸਮਾਜ ਸੁਧਾਰ ਲਈ ਪ੍ਰਪੱਕ ਕਰਨਾ ਵੀ ਹੈ | ਇਸ ਤਰ੍ਹਾਂ ਅੱਜ ਦਾ ਤੀਜਾ ਦਿਨ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਰਿਹਾ |