ਭਿੱਖੀਵਿੰਡ, 22 ਦਸੰਬਰ (ਬੌਬੀ)-ਵਹਿਮਾਂ-ਭਰਮਾਂ ਤੇ ਸਮਾਜਿਕ ਬੁਰਾਈਆਂ ਵਿਰੁੱਧ ਸੰਘਰਸ਼ਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੱਠਵੀਂ ਚੇਤਨਾ ਪਰਖ ਪ੍ਰੀਖਿਆ ਮਹਾਨ ਦੇਸ਼ ਭਗਤ ਬੀਬੀ ਗੁਲਾਬ ਕੌਰ ਦੀ ਯਾਦ ਨੂੰ ਸਮਰਪਿਤ ਪੰਜਾਬ ਭਰ ਦੇ ਚੋਣਵੇਂ ਸਕੂਲਾਂ ਵਿਚ ਕਰਵਾਈ ਗਈ, ਜਿਸ ਤਹਿਤ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰੀਖਿਆ ਦੇ ਇਕਾਈ ਪੱਧਰ 'ਤੇ ਦਸਵੀਂ ਜਮਾਤ ਦੀ ਮੈਰਿਟ ਵਿਚੋਂ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੀ ਮਹਿਕਪ੍ਰੀਤ ਨੇ ਪਹਿਲਾ ਅਤੇ ਇਸੇ ਸਕੂਲ ਦੀ ਨਵਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਗਿਆਰਵੀਂ ਕਲਾਸ ਦੀ ਮੈਰਿਟ ਵਿਚੋਂ ਸ਼ਰਨਦੀਪ ਕੌਰ ਨੇ ਪਹਿਲਾ ਸਥਾਨ, ਬਾਰ੍ਹਵੀਂ ਕਲਾਸ ਦੀ ਮੈਰਿਟ ਵਿਚੋਂ ਜੀਵਨ ਜੋਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹਰਮੀਤ ਕੌਰ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ | ਇਨ੍ਹਾਂ ਵਿਦਿਆਰਥਣਾਂ ਨੂੰ ਕਿਤਾਬਾਂ ਦੇ ਸੈੱਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰੀਖਿਆ 'ਚੋਂ ਪਾਸ ਹੋਣ ਵਾਲੇ ਸਾਰੇ ਵਿਦਿਅਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਤਰਨ ਤਰਨ ਦੇ ਵਲੋਂ ਜੋਨ ਮੀਡੀਆ ਮੁਖੀ ਰਜਵੰਤ ਸਿੰਘ ਬਾਗੜੀਆਂ, ਮਾ. ਹਰਨੰਦ ਸਿੰਘ ਬੱਲਿਆਂਵਾਲਾ ਅਤੇ ਜਸਵੰਤ ਸਿੰਘ ਪੱਧਰੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਨ੍ਹਾਂ ਦੇ ਸਕੂਲ ਪਹੁੰਚੇ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਇਕ ਸੱਭਿਅਕ ਸਮਾਜ ਦੀ ਤਰੱਕੀ ਵਿਚ ਰੁਕਾਵਟ ਹਨ | ਅੱਜ ਦੇ ਵਿਗਿਆਨ ਦੇ ਯੁੱਗ ਵਿਚ ਅੰਧ ਵਿਸ਼ਵਾਸ, ਵਹਿਮਾਂ-ਭਰਮਾਂ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਇਕ ਚੰਗਾ ਸਮਾਜ ਸਿਰਜਣ ਦੇ ਵਿਚ ਨੌਜਵਾਨ ਪੀੜ੍ਹੀ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਵਲੋਂ ਹੱਥ ਦੀ ਸਫਾਈ ਦੇ ਹੈਰਾਨੀਜਨਕ ਟਰਿੱਕ ਵੀ ਵਿਖਾਏ ਗਏ ਅਤੇ ਇਨ੍ਹਾਂ ਟਰਿੱਕਾਂ ਪਿੱਛੇ ਛੁਪੀ ਹੋਈ ਸੱਚਾਈ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਦੇ ਚੇਅ. ਲੋਕੇਸ਼ ਮਲਹੋਤਰਾ ਨੇ ਤਰਕਸ਼ੀਲ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਚੇਅਰਮੈਨ ਲੋਕੇਸ਼ ਮਲਹੋਤਰਾ, ਵਾਈਸ ਪਿ੍ੰਸੀਪਲ ਪਰਮਜੀਤ ਕੌਰ, ਕੋਆਰਡੀਨੇਟਰ ਹਰਮਨਪ੍ਰੀਤ ਕੌਰ, ਮਾ. ਗੁਰਚਰਨ ਸਿੰਘ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ, ਦਲਜੀਤ ਸਿੰਘ, ਮੈਡਮ ਰਮਨਦੀਪ ਕੌਰ, ਰਜਵੰਤ ਕੌਰ, ਕਿਰਨਜੀਤ ਕੌਰ, ਨਵਜੋਤ ਕੌਰ, ਮੁਸਕਾਨ ਸ਼ਰਮਾ, ਇੰਦਰਜੀਤ ਕੌਰ, ਕੰਵਲਜੀਤ ਕੌਰ, ਗੁਰਜੀਤ ਕੌਰ, ਮੈਡਮ ਅਰੁਣ, ਕੋਮਲ ਕੱਕੜ, ਅਵਨੀਤ ਕੌਰ ਆਦਿ ਹਾਜ਼ਰ ਸਨ |