ਲੁਧਿਆਣਾ, 31 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਸਰਗਨੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਜਮਾਲਪੁਰ ਦੀ ਐਸ.ਐਚ.ਓ. ਬਲਵਿੰਦਰ ਕੌਰ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਤੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਅਨੂਜ ਉਰਫ ਕਾਕਾ ਪੁੱਤਰ ਸ਼ੰਕਰ ਲਾਲ ਵਾਸੀ ਰਮਨਦੀਪ ਕਾਲੋਨੀ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 29 ਸਾਲ ਦੇ ਕਰੀਬ ਸੀ | ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ 7 ਮੋਬਾਈਲ ਅਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ, ਜੋ ਕਿ ਇਸ ਕਥਿਤ ਦੋਸ਼ੀ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਖੋਹੇ ਅਤੇ ਚੋਰੀ ਕੀਤੇ ਸਨ | ਇਸ ਖ਼ਿਲਾਫ਼ ਪਹਿਲਾਂ ਵੀ 10 ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ | ਪੁਲਿਸ ਵਲੋਂ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਥਿਤ ਦੋਸ਼ੀ ਦੇ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਅਤੇ ਜੇਕਰ ਹੋਰ ਕਿਸੇ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਨੂੰ ਵੀ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ |