ਲੁਧਿਆਣਾ, 2 ਜੂਨ (ਜਸਵਿੰਦਰ ਸਿੰਘ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਵਲੋਂ ਪੰਜਾਬ ਅੰਤਰ ਜ਼ਿਲ੍ਹਾ ਅੰਡਰ 23 ਇਕ ਦਿਨਾਂ ਕਿ੍ਕਟ ਟੂਰਨਾਮੈਂਟ ਰੋਪੜ ਵਿਖੇ ਕਰਵਾਇਆ ਗਿਆ | ਇਹ ਮੈਚ ਲੁਧਿਆਣਾ ਅਤੇ ਪਟਿਆਲਾ ਵਿਚਕਾਰ ਖੇਡਿਆ ਗਿਆ | ਲੁਧਿਆਣਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ | ਪਟਿਆਲਾ ਦੀ ਟੀਮ 41 ਓਵਰਾਂ ਦੇ ਵਿਚ 123 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ, ਜਿਸ ਵਿਚ ਪ੍ਰਭਜੋਤ ਸਿੰਘ ਨੇ 98 ਗੇਂਦਾਂ ਵਿਚ 51 ਰਨ, ਅਨੰਤ ਵੀਰ ਨੇ 22 ਗੇਂਦਾਂ ਵਿਚ 16 ਰਨ, ਯੁਵਰਾਜ ਨੇ 59 ਗੇਂਦਾਂ ਵਿਚ 18 ਰਨ ਬਣਾਏ | ਲੁਧਿਆਣਾ ਦੇ ਗੇਂਦਬਾਜ਼ ਚੇਤਨ ਰਾਘਨ ਨੇ 8 ਓਵਰਾਂ 'ਚ 4 ਵਿਕਟਾਂ, ਸ਼ਬਾਦ ਟਾਂਗਰੀ ਨੇ 9 ਓਵਰਾਂ ਵਿਚ 3 ਵਿਕਟਾਂ, ਧਰਮਿੰਦਰ ਨੇ 8 ਓਵਰਾਂ ਵਿਚ 2 ਵਿਕਟਾਂ ਤੇ ਸ਼ਿਵਮ ਵਰਮਾ ਨੇ 9 ਓਵਰਾਂ ਵਿਚ ਇਕ ਵਿਕਟ ਝਟਕਾਈ | ਲੁਧਿਆਣਾ ਵਲੋਂ ਸਕਸ਼ਮ ਵਿਜੇ ਨੇ ਬੱਲੇਬਾਜ਼ੀ ਕਰਦੇ ਹੋਏ 54 ਗੇਂਦਾਂ ਵਿਚ 32 ਰਨ, ਬਵਿਸ਼ ਸੇਠੀ ਨੇ 53 ਗੇਂਦਾਂ ਵਿਚ 29 ਰਨ, ਰਾਜਵੀਰ ਨੇ 42 ਗੇਂਦਾਂ ਵਿਚ 24 ਰਨ ਤੇ ਸ਼ਬਾਦ ਟਾਂਗਰੀ ਨੇ 33 ਗੇਂਦਾਂ ਵਿਚ ਵਿਚ 18 ਰਨ ਬਣਾ ਕੇ 34ਵੇਂ ਓਵਰ ਦੇ ਵਿਚ ਲੁਧਿਆਣਾ ਨੂੰ ਜਿੱਤ ਦਵਾ ਦਿੱਤੀ | ਪੀ.ਸੀ.ਏ. ਸਬ ਕਮੇਟੀ ਦੇ ਚੇਅਰਮੈਨ, ਐਲ.ਡੀ.ਸੀ.ਏ. ਤੋਂ ਸਨੀ ਖੋਸਲਾ ਅਤੇ ਉਪ ਚੇਅਰਮੈਨ ਦਕਸ਼ ਆਜ਼ਾਦ ਨੇ ਸਮੁੱਚੀ ਲੁਧਿਆਣਾ ਟੀਮ, ਟੀਮ ਦੇ ਕੋਚ ਅਤੇ ਲੁਧਿਆਣਾ ਬਾਡੀ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ | ਹੁਣ ਅਗਲਾ ਮੈਚ ਲੁਧਿਆਣਾ ਦਾ ਸੰਗਰੂਰ ਨਾਲ 5 ਜੂਨ ਨੂੰ ਹੋਵੇਗਾ |