ਲੁਧਿਆਣਾ, 5 ਸਤੰਬਰ (ਜਗਮੀਤ ਸਿੰਘ)-ਭਾਰੀ ਮੀਂਹ ਅਤੇ ਹੜ੍ਹਾਂ ਦੀ ਮਾਰ ਕਾਰਨ ਵੱਡੀ ਤ੍ਰਾਸਦੀ ਦਾ ਸਾਹਮਣਾ ਕਰਨ ਰਹੇ ਪੰਜਾਬ ਦੇ ਲੋਕ ਹੀ ਇਕ-ਦੂਜੇ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰ ਰਹੇ ਹਨ | ਇਸਦੇ ਤਹਿਤ ਹੀ ਲੁਧਿਆਣਾ ਦੀ ਸਮੂਹ ਡਾਇੰਗ ਇੰਡਸਟਰੀ ਜਿਸ 'ਚ ਪੰਜਾਬ ਡਾਇਰਸ ਐਸੋਸੀਏਸ਼ਨ ਤਾਜਪੁਰ ਰੋਡ, ਫੋਕਲ ਪੁਆਇੰਟ ਅਤੇ ਬਹਾਦਰਕੇ ਰੋਡ ਟੈਕਸਟਾਈਲ ਐਸੋਸੀਏਸ਼ਨ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਅਤੇ ਪੁਨਰਵਾਸ 'ਚ ਮਦਦ ਲਈ ਪਹਿਲਕਦਮੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਰਾਹੀਂ ਮੁੱਖ ਮੰਤਰੀ ਰਾਹਤ ਫ਼ੰਡ 'ਚ 15 ਲੱਖ ਰੁਪਏ ਦਾ ਯੋਗਦਾਨ ਦਿੱਤਾ | ਇਸ ਮੌਕੇ ਇਨ੍ਹਾਂ ਐਸੋਸੀਏਸ਼ਨਾਂ ਦੇ ਆਗੂਆਂ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪਰਿਵਾਰਾਂ ਦੇ ਨਾਲ ਡਾਇੰਗ ਉਦਯੋਗ ਪੂਰੀ ਹਮਦਰਦੀ ਰੱਖਦੇ ਹਨ | ਅਸੀਂ ਇਸ ਮੁਸੀਬਤ ਦੀ ਘੜੀ 'ਚ ਇਕ-ਦੂਜੇ ਦੇ ਸਾਥ ਨਾਲ ਇਸ ਮੁਸ਼ਕਿਲ ਸਮੇਂ 'ਚੋਂ ਮਜ਼ਬੂਤ ਹੋ ਕੇ ਉਭਰਾਂਗੇ | ਇਸ ਮੌਕੇ ਪੀ.ਡੀ.ਏ. ਤਾਜਪੁਰ ਡਾਇਰੈਕਟਰ ਕਮਲ ਚੌਹਾਨ, ਬੌਬੀ ਜਿੰਦਲ, ਗੁਰਪ੍ਰੀਤ ਸਿੰਘ, ਫੋਕਲ ਪੁਆਇੰਟ ਤੋਂ ਡਾਇਰੈਕਟਰ ਸੁਨੀਲ ਵਰਮਾ, ਰਾਹੁਲ ਵਰਮਾ, ਬਹਾਦਰ ਕੇ ਰੋਡ ਐਸੋਸੀਏਸ਼ਨ ਤੋਂ ਪੰਜਾਬ ਡਾਇੰਗ ਐਂਡ ਫਿਨਿਸ਼ਿੰਗ ਕਮੇਟੀ ਦੇ ਚੇਅਰਮੈਨ ਰਜਨੀਸ਼ ਗੁਪਤਾ ਅਤੇ ਅਸ਼ੋਕ ਮੱਕੜ ਹਾਜ਼ਰ ਸਨ |