ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)-ਲੁਧਿਆਣਾ ਦੇ ਅਧੀਨ ਪੈਂਦੇ ਸਸਰਾਲੀ ਪਿੰਡ ਦੇ ਹੜ੍ਹ ਪ੍ਰਭਾਵਿਤ ਭਾਈਚਾਰੇ ਦੀ ਸਹਾਇਤਾ ਲਈ ਸੀ.ਐਮ.ਸੀ. ਹਸਪਤਾਲ ਵਲੋਂ ਨਾਨਕਸਰ ਠਾਠ ਈਸ਼ਰ ਦਰਬਾਰ, ਬੜੂੰਦੀ ਦੇ ਸਹਿਯੋਗ ਨਾਲ ਇਕ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਪਹਿਲਕਦਮੀ ਦਾ ਉਦੇਸ਼ ਹਾਲ ਹੀ ਵਿਚ ਆਏ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਡਾਕਟਰੀ ਇਲਾਜ ਦੇ ਨਾਲ-ਨਾਲ ਬਹੁਤ ਜ਼ਰੂਰੀ ਅੱਖਾਂ ਦੀ ਦੇਖਭਾਲ ਸੇਵਾਵਾਂ ਪ੍ਰਦਾਨ ਕਰਨਾ ਸੀ | ਕੈਂਪ ਵਿਚ ਨੇਤਰ ਵਿਗਿਆਨੀਆਂ, ਅੱਖਾਂ ਦੇ ਮਾਹਿਰਾਂ, ਸਹਾਇਕ ਸਟਾਫ਼ ਅਤੇ ਕਮਿਊਨਿਟੀ ਮੈਡੀਸਨ ਡਾਕਟਰਾਂ ਦੀ ਇਕ ਸਮਰਪਿਤ ਟੀਮ ਨੇ 250 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ | ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਸਲਾਹ-ਮਸ਼ਵਰਾ, ਜ਼ਰੂਰੀ ਦਵਾਈਆਂ ਅਤੇ ਐਨਕਾਂ ਦੀ ਮੁਫ਼ਤ ਵੰਡ ਕੀਤੀ | ਇਸ ਮੌਕੇ ਸੀ.ਐਮ.ਸੀ. ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਕਿਹਾ ਕਿ ਇਹ ਕੈਂਪ ਮੁਸ਼ਕਿਲ ਸਮੇਂ ਦੌਰਾਨ ਲੋੜਵੰਦਾਂ ਦੀ ਸੇਵਾ ਕਰਨ ਦੀ ਸਾਡੀ ਵਚਨਬੱਧਤਾ ਦਾ ਹਿੱਸਾ ਹੈ | ਆਫ਼ਤ ਦੀਆਂ ਸਥਿਤੀਆਂ ਵਿਚ ਅੱਖਾਂ ਦੀ ਸਿਹਤ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ ਇਸ ਪਹੁੰਚ ਰਾਹੀਂ ਅਸੀਂ ਸਮੇਂ ਸਿਰ ਦੇਖਭਾਲ ਨੂੰ ਯਕੀਨੀ ਬਣਾਉਣ ਦਾ ਟੀਚਾ ਰੱਖਦੇ ਹਾਂ | ਇਸ ਮੌਕੇ ਸੀ.ਐਮ.ਸੀ. ਹਸਪਤਾਲ ਦੇ ਅੱਖਾਂ ਦੇ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਨਿਤਿਨ ਬੱਤਰਾ ਨੇ ਨਾਨਕਸਰ ਠਾਠ ਈਸ਼ਰ ਦਰਬਾਰ ਅਤੇ ਸਥਾਨਕ ਅਧਿਕਾਰੀਆਂ, ਵਲੰਟੀਅਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਕੈਂਪ ਸਫਲ ਹੋਇਆ | ਉਨ੍ਹਾਂ ਨੇ ਇਸ ਹਫ਼ਤੇ ਮੰਗਲੀ ਟਾਂਡਾ ਅਤੇ ਸਾਹਾਬਾਣਾ ਪਿੰਡਾਂ ਵਿਚ ਅਜਿਹੇ ਦੋ ਹੋਰ ਕੈਂਪ ਲਗਾਉਣ ਦਾ ਐਲਾਨ ਕੀਤਾ |