ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਚੋਰੀ ਸ਼ੁਦਾ ਵਾਹਨਾਂ ਅਤੇ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਪੰਜ ਐਕਟਿਵਾ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੀਰ ਵਰਮਾ ਏ.ਡੀ.ਸੀ.ਪੀ. ਅਤੇ ਕਿੱਕਰ ਸਿੰਘ ਏ.ਸੀ.ਪੀ. ਉੱਤਰੀ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਅਤੇ 5 ਚੋਰੀਸ਼ੁਦਾ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਅਸ਼ੋਕ ਨਗਰ ਪਾਣੀ ਵਾਲੀ ਟੈਂਕੀ ਜੱਸੀਆਂ ਰੋਡ ਤੋਂ ਚੈਕਿੰਗ ਦੌਰਾਨ ਦੋ ਭਰਾ ਸੰਦੀਪ ਸਿੰਘ ਅਤੇ ਰਵੀ ਕੁਮਾਰ ਪੁੱਤਰਾਨ ਮਨਵਿੰਦਰ ਸਿੰਘ ਵਾਸੀਆਨ ਲੁਧਿਆਣਾ ਨੂੰ ਗਿ੍ਫਤਾਰ ਕੀਤਾ ਗਿਆ | ਜਿਨ੍ਹਾਂ ਦੀ ਤਲਾਸ਼ੀ ਦੌਰਾਨ ਦੋਹਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਨਸ਼ੇ ਦੀ ਆਦਤ ਕਾਰਨ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਐਕਟਿਵਾ ਸਕੂਟਰ ਚੋਰੀ ਕਰਦੇ ਸਨ, ਜਿਨ੍ਹਾਂ ਦੇ ਖਿਲਾਫ ਥਾਣਾ ਸਲੇਮ ਟਾਬਰੀ 'ਚ ਕੇਸ ਦਰਜ ਕੀਤਾ ਗਿਆ ਹੈ | ਹੁਣ ਤੱਕ ਪੁਲਿਸ ਵਲੋਂ ਦੋਵੇਂ ਦੋਸ਼ੀਆਂ ਤੋਂ 5 ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਹੋਰ ਵਾਰਦਾਤਾਂ ਸੰਬੰਧੀ ਪੁੱਛਗਿੱਛ ਜਾਰੀ ਹੈ |