ਡਾਬਾ/ਲੁਹਾਰਾ, 23 ਨਵੰਬਰ (ਕੁਲਵੰਤ ਸਿੰਘ ਸੱਪਲ)-ਡਾਬਾ ਕਾਲੋਨੀ ਗਲੀ ਨੰਬਰ 10-ਏ ਦੇ ਨਿਵਾਸੀਆਂ ਨੇ ਗਲੀ ਵਿਚ ਨਾਜਾਇਜ਼ ਕਬਜ਼ਾ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਗਲੀ ਵਾਲਿਆਂ ਨੇ ਕਿਹਾ ਕਿ ਇਕ ਮੰਦਰ ਦੇ ਚੇਅਰਮੈਨ ਵਲੋਂ ਦੋ ਗਲੀਆਂ ਦੇ ਉੱਤੋਂ ਦੀ ਛੱਤ ਪਾ ਕੇ ਗਲੀ ਵਿਚ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਕਾਨੂੰਨ ਦੀ ਉਲੰਘਣਾ ਹੈ | ਅਸੀਂ ਕਈ ਵਾਰ ਉਕਤ ਚੇਅਰਮੈਨ ਨੂੰ ਕਿਹਾ ਸੀ ਕਿ ਗਲੀ ਦੇ ਵਿਚ ਕਬਜ਼ਾ ਕਰਕੇ ਗਲੀ ਵਿਚ ਛੱਤ ਨਾ ਪਾਈ ਜਾਵੇ, ਪਰ ਚੇਅਰਮੈਨ ਆਪਣੀ ਜ਼ਿੱਦ 'ਤੇ ਆ ਕੇ ਕਹਿੰਦਾ ਹੈ ਕਿ ਇਸ ਗਲੀ ਵਿਚ ਛੱਤ ਜ਼ਰੂਰ ਪਾਈ ਜਾਊਗੀ, ਮੈਨੂੰ ਇਲਾਕੇ ਦੇ ਕੌਂਸਲਰ ਵਲੋਂ ਪਰਮੀਸਨ ਮਿਲੀ ਹੋਈ ਹੈ | ਇਸ ਮੌਕੇ ਗਲੀ ਵਾਲਿਆਂ ਨੇ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਲੀ ਦੇ ਵਿਚ ਨਾਜਾਇਜ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਨਾਜਾਇਜ਼ ਉਸਾਰੀ ਨੂੰ ਰੋਕਿਆ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਇਕ ਮਹੀਨਾ ਪਹਿਲਾਂ ਵੀ ਮੇਅਰ ਨੂੰ ਮੰਗ ਪੱਤਰ ਦੇ ਕੇ ਆਏ ਸੀ | ਉਨ੍ਹਾਂ ਦੀ ਹਦਾਇਤ 'ਤੇ ਉਸ ਟਾਈਮ ਕੰਮ ਬੰਦ ਹੋ ਗਿਆ ਸੀ | ਇਸ ਮੌਕੇ ਜਦੋਂ ਚੇਅਰਮੈਨ ਸਰੇਸ ਠਾਕੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਉਸਾਰੀ ਨਹੀਂ ਰੁਕੇਗੀ ਅਤੇ ਗਲੀ ਵਿਚ ਲੈਂਟਰ ਪਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਲਾਕੇ ਦੇ ਕਈ ਗੁਰਦੁਆਰਾ ਸਾਹਿਬ ਅਤੇ ਮੰਦਿਰਾਂ ਵਿਚ ਗਲੀਆਂ ਛੱਤੀਆਂ ਹੋਈਆਂ ਹਨ | ਜ਼ਿਕਰਯੋਗ ਹੈ ਕਿ ਇਸ ਗਲੀ ਵਿਚ ਇਕ ਸਕੂਲ ਵੀ ਹੈ | ਇਸ ਮੌਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਗਲੀ ਦੇ ਕਿਰਪਾਲ ਸਿੰਘ, ਕੁਲਵਿੰਦਰ ਕੌਰ, ਰੇਖਾ ਰਾਣੀ, ਰੇਖਾ ਦੇਵੀ, ਮੋਹਿਤ ਕੁਮਾਰ, ਮੰਜੂ ਸ਼ਰਮਾ, ਮਨਦੀਪ, ਸੰਜੂ ਦੇਵੀ, ਸੁਤਲਾ ਦੇਵੀ, ਬਲਜੀਤ ਕੌਰ, ਸੰਦੀਪ ਕੁਮਾਰ, ਪ੍ਰਥਮ ਸ਼ਰਮਾ, ਸੁਵਿਤਾ ਦੇਵੀ, ਪੁਨੀਤ ਕੁਮਾਰ ਅਤੇ ਹੋਰ ਹਾਜ਼ਰ ਸਨ |