ਇਆਲੀ/ਥਰੀਕੇ, 5 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸੂਬੇ ਅੰਦਰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪੰਜਾਬ ਸਰਕਾਰ ਪੁਲਿਸ ਰਾਹੀਂ ਲੋਕਤੰਤਰ ਦਾ ਘਾਣ ਕਰਨ 'ਤੇ ਪੂਰੀ ਤਰ੍ਹਾਂ ਉਤਾਰੂ ਹੋ ਚੁੱਕੀ ਹੈ | ਉਸ ਨੇ ਬੀਤੇ ਦਿਨ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਪੁਲਿਸ ਰਾਹੀਂ ਹਰ ਹੱਥਕੰਡਾ ਅਪਣਾ ਕੇ ਵਿਰੋਧੀਆਂ ਨੂੰ ਪੇਪਰ ਭਰਨ ਤੋਂ ਰੋਕਿਆ ਹੈ, ਜਿਸ ਦੀ ਮਿਸਾਲ ਐਸ.ਐਸ.ਪੀ. ਪਟਿਆਲਾ ਦੀ ਵਾਇਰਲ ਹੋਈ ਇਕ ਵੀਡੀਓ ਤੋਂ ਮਿਲਦੀ ਹੈ, ਜਿਸ ਵਿਚ ਉਹ ਆਪਣੇ ਅਫ਼ਸਰਾਂ ਨੂੰ ਵਿਰੋਧੀਆਂ ਨੂੰ ਨਾਮਜ਼ਦਗੀਆਂ ਭਰਨ ਤੋਂ ਰੋਕਣ ਲਈ ਹਦਾਇਤਾਂ ਦੇ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਨਤਮਸਤਕ ਹੋਣ ਸਮੇਂ ਪੱਤਰਕਾਰਾਂ ਦੇ ਰੂ-ਬ-ਰੂ ਹੁੰਦੇ ਕੀਤਾ | ਉਨ੍ਹਾਂ ਕਿਹਾ ਕਿ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਹਨ | ਇਸ ਲਈ ਉਹ ਪੁਲਿਸ ਦਾ ਸਹਾਰਾ ਲੈ ਕੇ ਚੋਣਾਂ ਜਿੱਤਣ ਨੂੰ ਤਰਜ਼ੀਹ ਦੇ ਰਹੇ ਹਨ, ਜਿਸ ਨੂੰ ਸ਼ੋ੍ਰਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਡੀ.ਜੀ.ਪੀ. ਪੰਜਾਬ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਪੁਲਿਸ ਸਰਕਾਰ ਦੀ ਸ਼ਹਿ 'ਤੇ ਲੋਕਤੰਤਰ ਦਾ ਘਾਣ ਕਰ ਰਹੀ ਹੈ, ਜਿਸ 'ਤੇ ਠੱਲ੍ਹ ਪਾਉਣ ਲਈ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ, ਖਾਸ ਕਰਕੇ ਐਸ.ਐਸ.ਪੀ. ਪਟਿਆਲਾ 'ਤੇ ਮਾਮਲਾ ਦਰਜ਼ ਹੋਣਾ ਚਾਹੀਦਾ ਹੈ | ਜੇਕਰ ਕਿਸੇ ਨੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੋ੍ਰਮਣੀ ਅਕਾਲੀ ਦਲ ਮਾਣਯੋਗ ਅਦਾਲਤ ਰਾਹੀਂ ਲੋਕਤੰਤਰ ਦਾ ਘਾਣ ਕਰਨ ਵਾਲੇ ਅਫ਼ਸਰਾਂ ਨੂੰ ਸਜਾ ਦਿਵਾ ਕੇ ਰਹੇਗਾ |