ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਭੈਣ ਨਾਲ ਜਾਇਦਾਦ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਮਾਮਲੇ ਵਿਚ ਭਰਾ ਅਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਬ੍ਰਾਹਮਣ ਵੈੱਲਫੇਅਰ ਬੋਰਡ ਦੇ ਚੇਅਰਮੈਨ ਦੀ ਪਤਨੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਬ੍ਰਾਹਮਣ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ ਦੀ ਪਤਨੀ ਸੁਨੀਤਾ ਸ਼ਾਰਦਾ ਵਾਸੀ ਸਲੇਮ ਟਾਬਰੀ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਮਿੱਕੀ ਸਾਹਣੀ ਅਤੇ ਭਰਜਾਈ ਸਵਿਤਾ ਰਾਣੀ ਪਤਨੀ ਮਿੱਕੀ ਸਾਹਣੀ ਵਾਸੀ ਪ੍ਰੇਮ ਗਲੀ ਨੇੜੇ ਪੁਰਾਣੀ ਸਬਜ਼ੀ ਮੰਡੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਪਾਸੋਂ ਉਸ ਨੇ ਹੀਰਾ ਸ਼ੋਪਿੰਗ ਸੈਂਟਰ ਨੈਸ਼ਨਲ ਰੋਡ ਘੁਮਾਰ ਮੰਡੀ ਵਿਚ ਸਥਿਤ ਦੋ ਦੁਕਾਨਾਂ ਖਰੀਦੀਆਂ ਸਨ | ਕਥਿਤ ਦੋਸ਼ੀਆਂ ਵਲੋਂ ਦੁਕਾਨਾਂ ਸਬੰਧੀ ਪੂਰੀ ਰਕਮ ਵਸੂਲ ਲਈ ਸੀ, ਪਰ ਹੁਣ ਦੁਕਾਨਾਂ ਦੀ ਰਜਿਸਟਰੀ ਕਰਵਾਉਣ ਤੋਂ ਮੁੱਕਰ ਗਏ ਹਨ, ਜਿਸ ਵਿਚ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |