ਇਆਲੀ/ਥਰੀਕੇ, 26 ਦਸੰਬਰ (ਮਨਜੀਤ ਸਿੰਘ ਦੁੱਗਰੀ)-ਵਣਜ ਸਿੱਖਿਆ ਨੂੰ ਮਜ਼ਬੂਤ ??ਕਰਨ ਅਤੇ ਵਿਦਿਆਰਥੀਆਂ ਵਿਚ ਸ਼ੁਰੂਆਤੀ ਕੈਰੀਅਰ ਲਈ ਜਾਗਰੂਕ ਕਰਨ ਲਈ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਅਤੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਵਿਚਕਾਰ ਪੀ.ਐਸ.ਈ.ਬੀ. ਦਫ਼ਤਰ, ਮੋਹਾਲੀ ਵਿਖੇ ਕੀਤੇ ਸਮਝੌਤੇ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐਸ. (ਸੇਵਾਮੁਕਤ) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ (ਪੀ.ਸੀ.ਐਸ.) ਦੀ ਹਾਜ਼ਰੀ ਵਿਚ ਹਸਤਾਖਰ ਕੀਤੇ ਗਏ | ਆਈ.ਸੀ.ਏ.ਆਈ. ਵਲੋਂ ਇਸ ਮੌਕੇ ਸਬੰਧਿਤ ਕਮੇਟੀ ਦੇ ਚੇਅਰਮੈਨ ਸੀ.ਏ. ਦੁਰਗੇਸ਼ ਕੁਮਾਰ ਕਾਬਰਾ ਅਤੇ ਸੰਸਥਾ ਦੇ ਸਕੱਤਰ ਸੀ.ਏ. (ਡਾ.) ਜੈ ਕੁਮਾਰ ਬੱਤਰਾ ਆਈ.ਸੀ.ਏ.ਆਈ.-ਲੁਧਿਆਣਾ ਸ਼ਾਖਾ (ਐਨ. ਆਈ. ਆਰ. ਸੀ.) ਸੀ.ਏ. ਮੋਹਿਤ ਵਾਸਨ ਚੇਅਰਮੈਨ ਅਤੇ ਸੀ.ਏ. ਰਾਕੇਸ਼ ਗਰੋਵਰ ਸਕੱਤਰ ਵੀ ਮੌਜੂਦ ਸਨ | ਇਸ ਸਮਝੌਤੇ ਦੇ ਲਾਗੂ ਹੋਣ ਨਾਲ ਆਈ.ਸੀ.ਏ.ਆਈ. ਪੰਜਾਬ ਭਰ ਦੇ ਪੀ.ਐਸ.ਈ.ਬੀ. ਨਾਲ ਸਬੰਧਿਤ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਕਾਮਰਸ ਸਿੱਖਿਆ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰੇਗਾ | ਇਸ ਸਹਿਯੋਗ ਦਾ ਉਦੇਸ਼ ਚਾਰਟਰਡ ਅਕਾਊਾਟੈਂਸੀ ਪੇਸ਼ੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਇਸ ਵਿਚ ਕਰੀਅਰ ਕਾਉਂਸਲਿੰਗ ਸੈਸ਼ਨ, ਕਾਮਰਸ ਓਲੰਪੀਆਡ, ਕੁਇਜ਼, ਅਧਿਆਪਕ ਸਿਖਲਾਈ ਪ੍ਰੋਗਰਾਮ, ਵਿੱਤੀ ਸਾਖਰਤਾ ਡਰਾਈਵ, ਸਕੂਲ ਪੱਧਰ 'ਤੇ ਸੀ.ਏ. ਨਾਲ ਸਬੰਧਿਤ ਵਿਸ਼ਿਆਂ ਦੀ ਜਾਣ-ਪਛਾਣ ਅਤੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਦੇ ਮੌਕੇ ਸ਼ਾਮਿਲ ਹੋਣਗੇ | ਇਸ ਮਹੱਤਵਪੂਰਨ ਪਹਿਲਕਦਮੀ ਨੂੰ ਸੰਕਲਪਿਤ ਕਰਨ ਅਤੇ ਸੁਵਿਧਾਜਨਕ ਬਣਾਉਣ ਵਿਚ ਸਾਬਕਾ ਵਾਈਸ ਚੇਅਰਮੈਨ ਦਿਨੇਸ਼ ਸ਼ਰਮਾ ਦੀ ਭੂਮਿਕਾ ਮਹੱਤਵਪੂਰਨ ਰਹੀ |