ਲੁਧਿਆਣਾ, 27 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਲੋਕਤੰਤਰ ਦੀ ਹੱਤਿਆ | ਵਿਧਾਇਕਾਂ ਦੀ ਛਾਂ ਹੇਠ 110 ਪਿੰਡਾਂ ਦਾ ਪ੍ਰਸਤਾਵ ਚੁੱਪਚਾਪ ਥੋਪਿਆ ਗਿਆ | ਇਸ ਤਿੱਖੇ ਦੋਸ਼ ਨਾਲ ਭਾਜਪਾ ਨੇ ਬੀਤੇ ਦਿਨ ਹੋਈ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਨੰੂ ਘੇਰ ਲਿਆ | ਭਾਜਪਾ ਦੇ ਵਿਰੋਧੀ ਧਿਰ ਦੇ ਆਗੂ ਕੌਂਸਲਰ ਪੂਨਮ ਰੱਤੜਾ ਤੇ ਕੌਂਸਲਰ ਰੋਹਿਤ ਸਿੱਕਾ ਨੇ ਨਗਰ ਨਿਗਮ ਦੀ ਬੀਤੇ ਦਿਨ ਹੋਈ ਜਨਰਲ ਹਾਊਸ ਮੀਟਿੰਗ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ 110 ਪਿੰਡਾਂ ਨੰੂ ਨਿਗਮ ਦੀ ਹੱਦ ਵਿਚ ਸ਼ਾਮਲ ਕਰਨ ਵਾਲਾ ਪ੍ਰਸਤਾਵ ਬਿਨਾਂ ਵਿਰੋਧੀ ਪੱਖ ਦੀ ਜਾਣਕਾਰੀ ਦੇ ਗੁਪਤ ਤਰੀਕੇ ਨਾਲ ਏਜੰਡੇ ਵਿਚ ਸ਼ਾਮਿਲ ਕਰਕੇ ਸੱਤਾ ਧਾਰੀ ਪਾਰਟੀ ਵਲੋਂ ਪਾਸ ਕਰਵਾ ਦਿੱਤਾ ਗਿਆ | ਉਨ੍ਹਾਂ ਇਸ ਕਾਰਵਾਈ ਨੰੂ ਲੋਕਤੰਤਰਿਕ ਮਰਿਆਦਾਵਾਂ ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ | ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੰੂ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਮੀਟਿੰਗ ਤੋ ਪਹਿਲਾ ਮੇਅਰ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਸਪਸ਼ਟ ਕੀਤਾ ਗਿਆ ਸੀ ਕਿ ਪਿੰਡਾਂ ਨੰੂ ਨਿਗਮ ਵਿਚ ਸ਼ਾਮਲ ਕਰਨ ਵਾਲਾ ਪ੍ਰਸਤਾਵ ਇਸ ਜਨਰਲ ਹਾਊਸ ਮੀਟਿੰਗ ਵਿਚ ਨਹੀਂ ਲਿਆਂਦਾ ਜਾਵੇਗਾ | ਇਸ ਦੇ ਬਾਵਜੂਦ ਮੀਟਿੰਗ ਦੌਰਾਨ ਚੁੱਪਚਾਪ ਢੰਗ ਨਾਲ ਪ੍ਰਸਤਾਵ ਲਿਆ ਕੇ ਸੱਤਾ ਧਾਰੀ ਕੌਂਸਲਰਾਂ ਦੀ ਸਹਿਮਤੀ ਨਾਲ ਸਿਰਫ਼ ਪੰਜ ਮਿੰਟਾਂ ਵਿਚ ਪਾਸ ਕਰ ਦਿੱਤਾ ਗਿਆ, ਜਦਕਿ ਵਿਰੋਧੀ ਪੱਖ ਨੰੂ ਨਾ ਚਰਚਾ ਦਾ ਮੌਕਾ ਦਿੱਤਾ ਅਤੇ ਨਾ ਹੀ ਸਵਾਲ ਸੁਣੇ | ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਮੇਅਰ ਜਾ ਨਿਗਮ ਕਮਿਸ਼ਨਰ ਵਲੋਂ ਦੇਣ ਦੀ ਬਜਾਏ ਸੱਤਾ ਧਾਰੀ ਵਿਧਾਇਕਾਂ ਵਲੋਂ ਦਿੱਤੇ ਜਾਂਦੇ ਰਹੇ, ਜਿਸ ਨਾਲ ਇਹ ਸਪਸ਼ਟ ਹੋ ਗਿਆ ਕਿ ਨਗਰ ਨਿਗਮ ਦੀ ਕਾਰਵਾਈ ਅਸਲ ਵਿਚ ਵਿਧਾਇਕਾਂ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮੀਟਿੰਗ ਚ ਵਿਧਾਇਕਾਂ ਵਲੋਂ ਵਿਰੋਧੀ ਪੱਖ ਦੇ ਕੌਂਸਲਰਾਂ ਤੇ ਦਬਾਅ ਬਣਾਉਣ ਅਤੇ ਉਨ੍ਹਾਂ ਨੰੂ ਚੱੁਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਬੀਤੇ ਦਿਨ ਜਨਰਲ ਹਾਊਸ ਦੀ ਹੋਈ ਮੀਟਿੰਗ, ਮੇਅਰ ਤੇ ਨਗਰ ਨਿਗਮ ਕਮਿਸ਼ਨਰ ਦੀ ਅਗਵਾਈ ਹੇਠ ਹੋਣੀ ਚਾਹੀਦੀ ਸ, ਪਰ ਹਕੀਕਤ ਵਿਚ ਇਹ ਆਪ ਦੇ ਵਿਧਾਇਕਾਂ ਵਲੋਂ ਚਲਾਈ ਜਾਂਦੀ ਨਜ਼ਰ ਆਈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਗਰ ਨਿਗਮ ਦੇ ਸੰਵਿਧਾਨਕ ਢਾਂਚੇ ਤੇ ਸਵਾਲ ਖੜੇ੍ਹ ਹੋ ਰਹੇ ਹਨ ਅਤੇ ਨਿਗਮ ਸਦਨ ਸਿਰਫ਼ ਮੋਹਰ ਲਗਾਉਣ ਵਾਲਾ ਸੰਸਥਾਨ ਬਣ ਕੇ ਰਹਿ ਗਿਆ ਹੈ | ਧੀਮਾਨ ਨੇ ਅੱਗੇ ਕਿਹਾ ਕਿ ਸ਼ਹਿਰ ਦੇ ਮੌਜੂਦਾ ਵਾਰਡਾਂ ਵਿਚ ਅਜੇ ਤਕ ਬੁਨਿਆਦੀ ਵਿਕਾਸ ਕੰਮ ਪੂਰੇ ਨਹੀਂ ਹੋਏ, ਪਰ ਇਸਦੇ ਬਾਵਜੂਦ 110-112 ਪਿੰਡਾਂ ਨੰੂ ਨਿਗਮ ਵਿਚ ਸ਼ਾਮਲ ਕਰਨ ਨਾਲ ਨਿਗਮ ਦਾ ਖੇਤਰਫਲ ਲਗਭਗ ਤਿੰਨ ਗੁਣਾ ਵੱਧ ਜਾਵੇਗਾ | ਭਾਜਪਾ ਆਗੂਆਂ ਨੇ ਸਪਸ਼ਟ ਕੀਤਾ ਕਿ ਪਾਰਟੀ ਇਸ ਫ਼ੈਸਲੇ ਨੰੂ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼ ਕੁਮਾਰ, ਰਾਜਨ ਪਾਂਧੇ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ |
ਨਗਰ ਨਿਗਮ ਲੋਕਤੰਤਰ ਦੀ ਹੱਤਿਆ... <br/>
ਅਜੀਤ ਡੈਸਕ
28-12-2025