ਲਾਲੜੂ, 1 ਜੂਨ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ (ਰਜਿ.) ਲਾਲੜੂ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਸਹਿਯੋਗ ਮੁਹਿੰਮ ਤਹਿਤ ਅੱਜ ਤਿੰਨ ਸਰਕਾਰੀ ਸਕੂਲਾਂ ਨੂੰ ਵੱਖ-ਵੱਖ ਲੋੜੀਂਦਾ ਸਾਮਾਨ ਦਾਨ ਕੀਤਾ ਗਿਆ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਮੰਡੀ ਨੂੰ 10 ਛੱਤ ਵਾਲੇ ਪੱਖੇ ਤੇ ਪ੍ਰਾਇਮਰੀ ਸਕੂਲ ਅੰਟਾਲਾ ਅਤੇ ਸਰਕਾਰੀ ਸਕੂਲ ਖੇਲਣ ਨੂੰ ਭੱਠੀਆਂ ਤੇ ਚੁੱਲ੍ਹੇ ਦਾਨ ਵਜੋਂ ਭੇਟ ਕੀਤੇ ਗਏ | ਇਨ੍ਹਾਂ 'ਚੋਂ ਪੰਜ ਪੱਖਿਆਂ ਦੀ ਸੇਵਾ ਮੁਹਾਲੀ ਤੋਂ ਬਲਵਿੰਦਰ ਸਿੰਘ ਨੇ ਕਰਵਾਈ ਹੈ | ਇਸ ਮੌਕੇ ਡਾ. ਮੁਲਤਾਨੀ ਨੇ ਦੱਸਿਆ ਕਿ ਸ਼ੈਲਟਰ ਚੈਰੀਟੇਬਲ ਟਰੱਸਟ ਵਲੋਂ ਹੁਣ ਤੱਕ ਡੇਰਾਬੱਸੀ ਬਲਾਕ ਦੇ ਬਹੁਤ ਸਾਰੇ ਸਕੂਲਾਂ ਅਤੇ ਕਈ ਹੋਰਨਾਂ ਜ਼ਿਲਿ੍ਹਆਂ ਵਿਚ ਸਰਕਾਰੀ ਸਕੂਲਾਂ ਨੂੰ ਧੂੰਆਂ ਮੁਕਤ ਭੱਠੀਆਂ ਤੋਂ ਇਲਾਵਾ ਫ਼ਰਨੀਚਰ, ਪੱਖੇ, ਲਾਈਟਾਂ ਕੂਲਰ, ਬੈਂਚ, ਪਾਣੀ ਵਾਲੇ ਬੋਰ, ਆਰ. ਓਜ ਤੇ ਵਾਟਰ ਕੂਲਰ ਆਦਿ ਦੇ ਨਾਲ-ਨਾਲ ਖੇਡ ਗਰਾਊਾਡ ਅਤੇ ਕਈ ਥਾਵਾਂ 'ਤੇ ਬਿਲਡਿੰਗ ਆਦਿ ਬਣਾਉਣ ਵਿਚ ਮਦਦ ਕੀਤੀ ਜਾ ਚੁੱਕੀ ਹੈ ਤਾਂ ਕਿ ਬੱਚਿਆਂ ਨੂੰ ਸਾਫ਼ ਹਵਾ, ਪਾਣੀ, ਲਾਈਟ, ਪੜ੍ਹਾਈ ਤੇ ਖੇਡਾਂ 'ਚ ਸੌਖ ਹੋ ਸਕੇ | ਇਸ ਮੌਕੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਸਤੀਸ਼ ਰਾਣਾ, ਪਵਨ ਕੁਮਾਰ ਐਮ. ਸੀ., ਜੱਗੀ ਤੁਸ਼ਾਰ ਤੇ ਮਨੋਜ ਮਹਿਤਾ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |