01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਕੈਂਪਸ ਟੈਂਕ ਪੰਜਾਬ' ਲਾਂਚ, ਅਗਲੇ 2 ਸਾਲਾਂ 'ਚ ਭਾਰਤ ਜਰਮਨੀ ਨੂੰ ਪਛਾੜ ਕੇ ਬਣੇਗਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ-ਕੇਂਦਰੀ ਮੰਤਰੀ ਖੱਟਰ

Ad Position 21
No active advertisement
ਅਜੀਤ ਡੈਸਕ 02-09-2025
ਐੱਸ.ਏ.ਐੱਸ. ਨਗਰ, 1 ਸਤੰਬਰ (ਪ੍ਰੋ. ਅਵਤਾਰ ਸਿੰਘ)-ਕੇਂਦਰੀ ਬਿਜਲੀ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ ਦੇਸ਼ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ 'ਕੈਂਪਸ ਟੈਂਕ ਪੰਜਾਬ' ਦਾ ਆਗ਼ਾਜ਼ ਕੀਤਾ ਗਿਆ, ਜਿਸ ਦਾ ਉਦੇਸ਼ ਵਿਸ਼ਾਲ ਤੇ ਦੂਰਅੰਦੇਸ਼ੀ ਵਾਲੇ ਵਿਦਿਆਰਥੀ ਨਵੀਨਤਾਕਾਰਾਂ ਦੇ ਅਨੋਖੇ ਸਟਾਰਟਅੱਪ ਆਈਡੀਆਜ਼ ਨੂੰ ਫੰਡਿੰਗ ਪ੍ਰਦਾਨ ਕਰਨਾ ਹੈ ਤਾਂ ਜੋ ਭਾਰਤ ਪੂਰੀ ਦੁਨੀਆ 'ਚ ਸਟਾਰਟਅੱਪ ਈਕੋਸਿਸਟਮ ਬਣ ਕੇ ਉੱਭਰੇ ਅਤੇ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਹਕੀਕਤ ਬਣਾਉਣ ਲਈ ਇਕ ਸ਼ਕਤੀਸ਼ਾਲੀ ਪਲੇਟਫ਼ਾਰਮ ਮਿਲ ਸਕੇ | ਕੈਂਪਸ ਟੈਂਕ ਪੰਜਾਬ ਦੇ ਲਾਂਚ ਮੌਕੇ ਕਰਵਾਏ ਗਏ ਸਮਾਰੋਹ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਉਨ੍ਹਾਂ ਨਾਲ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਸਿੰਘ ਸੰਧੂ, 'ਅਪਨਾ' ਦੇ ਉਪ ਪ੍ਰਧਾਨ ਡਾ. ਪ੍ਰੀਤਦੀਪ ਸਿੰਘ, ਵੈਂਚਰ ਕੈਟਾਲਿਸਟਸ ਦੇ ਮੁੱਖ ਨਿਵੇਸ਼ ਅਧਿਕਾਰੀ ਵੰਸ਼ ਓਬਰਾਏ ਅਤੇ ਪੰਜਾਬ ਦੇ ਸਟਾਰਟਅੱਪ ਸੈੱਲ ਦੇ ਸੰਯੁਕਤ ਨਿਰਦੇਸ਼ਕ (ਜੁਆਇੰਟ ਡਾਇਰੈਕਟਰ) ਦੀਪਇੰਦਰ ਸਿੰਘ ਵੀ ਹਾਜ਼ਰ ਸਨ | ਇਸ ਲਾਂਚ ਈਵੈਂਟ 'ਚ ਪ੍ਰਸਿੱਧ ਉੱਦਮੀ, ਕਾਰੋਬਾਰੀ, ਉੱਦਮੀ ਪੂੰਜੀਪਤੀ, ਪ੍ਰਸਿੱਧ ਸਿੱਖਿਆ ਸ਼ਾਸਤਰੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੇ ਉੱਭਰ ਰਹੇ ਸਟਾਰਟਅੱਪ ਸੰਸਥਾਪਕ, ਖੇਤਰੀ ਇਨਕਿਊਬੇਟਰ, ਹੈਕਾਥੋਨ ਜੇਤੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਇਨਕਿਊਬੇਟ ਕੀਤੇ ਸਟਾਰਟਅੱਪਸ ਦੇ ਸੰਸਥਾਪਕ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕੇਂਦਰੀ ਮੰਤਰੀ ਖੱਟਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੈਂਪਸ ਟੈਂਕ ਨਾ ਸਿਰਫ਼ ਭਾਰਤ 'ਚ ਸਗੋਂ ਦੁਨੀਆ 'ਚ ਵੀ ਇਕ ਵੱਡੀ ਪ੍ਰਾਪਤੀ ਹੈ ਕਿਉਂਕਿ ਨੌਜਵਾਨਾਂ ਨੂੰ ਸਹਾਇਤਾ ਅਤੇ ਸ੍ਰੋਤਾਂ ਦੀ ਘਾਟ ਕਾਰਨ ਆਪਣੇ ਕਾਰੋਬਾਰੀ ਉੱਦਮ ਸ਼ੁਰੂ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਅੱਜ ਸਮਾਂ ਬਦਲ ਗਿਆ ਹੈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਨੌਜਵਾਨ ਦੇ ਸੁਪਨਿਆਂ ਨੂੰ ਸਮਝ ਲਿਆ ਹੈ ਅਤੇ ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਚਲਾ ਕੇ ਉਹ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੈਂਪਸ ਟੈਂਕ ਇਕ ਬਹੁਤ ਵੱਡੀ ਪਹਿਲ ਹੈ ਕਿਉਂਕਿ ਇਸ ਨਾਲ ਏ. ਆਈ. ਸੀ. ਟੀ. ਈ. ਨਾਲ ਸੰਬੰਧਤ 23,000 ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਜਦਕਿ 19000 ਤੋਂ ਵੱਧ ਵਿਦਿਆਰਥੀ ਸਟਾਰਟਅੱਪ ਪਹਿਲਾਂ ਹੀ ਆਪਣੇ ਆਪ ਨੂੰ ਰਜਿਸਟਰ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 11 ਸਾਲਾਂ 'ਚ ਬਹੁਤ ਕੁਝ ਕੀਤਾ ਹੈ ਅਤੇ ਅੱਜ 1.76 ਲੱਖ ਤੋਂ ਵੱਧ ਸਟਾਰਟਅੱਪ ਹਨ, ਜਿਨ੍ਹਾਂ 'ਚੋਂ ਲਗਪਗ 75,000 ਸਟਾਰਟਅੱਪਸ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ | ਅੱਜ ਸਾਡੇ ਕੋਲ 115 ਤੋਂ ਵੱਧ ਯੂਨੀਕੋਰਨ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਦੁਨੀਆ ਨਾਲ ਮੁਕਾਬਲਾ ਕਰਕੇ 2047 ਤੱਕ ਇਕ ਵਿਕਸਿਤ ਭਾਰਤ ਦਾ ਦਿ੍ਸ਼ਟੀਕੋਣ ਦਿੱਤਾ ਹੈ ਅਤੇ ਇਸ ਦਿ੍ਸ਼ਟੀਕੋਣ ਨੂੰ ਸਾਕਾਰ ਕਰਨ 'ਚ ਹਰ ਕਿਸੇ ਦੀ ਭੂਮਿਕਾ ਅਹਿਮ ਹੈ | ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਹਮੇਸ਼ਾ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਸਾਨੂੰ ਅਮਰੀਕਾ ਦੁਆਰਾ ਟੈਰਿਫ਼ ਦੀ ਧਮਕੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸਾਡਾ ਦੇਣ ਇਸ ਧਮਕੀ ਅੱਗੇ ਝੁਕਣ ਵਾਲਾ ਨਹੀਂ, ਸਗੋਂ ਅਗਲੇ ਦੋ ਸਾਲਾਂ 'ਚ ਭਾਰਤ 5 ਟਿ੍ਲੀਅਨ ਡਾਲਰ ਦੀ ਅਰਥ-ਵਿਵਸਥਾ ਬਣ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਜਾਵੇਗਾ | ਇਸੇ ਦੌਰਾਨ ਆਪਣੇ ਸੰਬੋਧਨ 'ਚ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੁਪਨਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਸਟਾਰਟਅੱਪ ਇੰਡੀਆ ਵਰਗੇ ਉਪਰਾਲੇ ਸ਼ੁਰੂ ਕੀਤੇ | ਉਨ੍ਹਾ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਨੇ ਨਾ ਸਿਰਫ਼ ਨੌਜਵਾਨਾਂ ਦੇ ਸੁਪਨਿਆਂ ਨੂੰ ਸਮਝਿਆ, ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਫ਼ੰਡ ਵੀ ਪ੍ਰਦਾਨ ਕੀਤੇ ਹਨ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ ਕਿਉਂਕਿ ਭਾਰਤ ਇਕ ਸਟਾਰਟਅੱਪ ਹੱਬ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡੇ ਸਟਾਰਟਅੱਪਸ 'ਚ ਭਵਿੱਖ 'ਚ ਗਲੋਬਲ ਕੰਪਨੀਆਂ ਬਣਨ ਦੀ ਸੰਭਾਵਨਾ ਹੈ ਕਿ ਗੂਗਲ, ਐਪਲ, ਐਮਾਜ਼ਾਨ, ਮਾਈਕ੍ਰੋਸਾਫ਼ਟ, ਮੇਟਾ (ਫੇਸਬੁੱਕ), ਟੇਸਲਾ ਅਤੇ ਉਬਰ ਵਰਗੀਆਂ ਚੋਟੀ ਦੀਆਂ ਬਹੁ-ਰਾਸ਼ਟਰੀ ਮਲਟੀ-ਨੈਸ਼ਨਲ ਕੰਪਨੀਆਂ ਵੀ ਕਿਸੇ ਸਮੇਂ ਸਟਾਰਟਅੱਪ ਸਨ | ਉਨ੍ਹਾਂ ਕਿਹਾ ਕਿ ਕੈਂਪਸ ਟੈਂਕ ਵਰਗੀਆਂ ਪਹਿਲਕਦਮੀਆਂ ਰਾਹੀਂ ਸਾਡਾ ਉਦੇਸ਼ ਇਸ ਵਿਕਾਸ ਨੂੰ ਪੋਸ਼ਣ ਦੇਣ ਅਤੇ ਅਗਲੀ ਪੀੜ੍ਹੀ ਦੇ ਨਵੀਨਤਾਕਾਰਾਂ ਨੂੰ ਸਸ਼ਕਤ ਬਣਾਉਣ 'ਚ ਭੂਮਿਕਾ ਨਿਭਾਉਣਾ ਹੈ | ਇਸ ਮੌਕੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ ਅਤੇ 'ਅਪਨਾ' ਦੇ ਉਪ ਪ੍ਰਧਾਨ ਪ੍ਰੀਤਦੀਪ ਸਿੰਘ ਨੇ ਵੀ ਹਾਜ਼ਰੀਨਾਂ ਨਾਲ ਵਿਚਾਰਾਂ ਦੀ ਸਾਂਝ ਪਾਈ |
Ad Position 22
No active advertisement
ਪਿਛਲੀ ਖ਼ਬਰ ਦਹਾਕੇ ਤੋਂ ਕੱਚੀ ਛੱਤ ਪੱਕੀ ਕਰਵਾਉਣ ਦੀ ਉਡੀਕ 'ਚ ਬੈਠਾ ਪਿੰਡ ਰਾਣੀਮਾਜਰਾ ਦਾ ਪਰਿਵਾਰ ਅਗਲੀ ਖ਼ਬਰ 7 ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਮੁਲਜ਼ਮ ਗਿ੍ਫ਼ਤਾਰ
Ad Position 24