ਚੰਡੀਗੜ੍ਹ, 18 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਸਾਈਬਰ ਸੈੱਲ ਨੇ ਆਨਲਾਈਨ ਨਿਵੇਸ਼ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੱਧ ਪ੍ਰਦੇਸ਼ ਦੇ ਉਜੈਨ ਵਾਸੀ ਦਿਪੇਸ਼ ਮਾਕੁਵਾਨਾ ਅਤੇ ਇੰਦੌਰ ਵਾਸੀ ਰਾਜਕੁਮਾਰ ਪਾਂਡੇ ਵਜੋਂ ਹੋਈ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਸਬੰਧੀ ਬੀ. ਐਨ. ਐੱਸ. ਦੀ ਧਾਰਾ 318(4), 319(2), 338(336)(3), 340(2), 61(2) ਅਧੀਨ ਸੈਕਟਰ-17 ਦੇ ਥਾਣਾ ਸਾਈਬਰ ਕ੍ਰਾਈਮ 'ਚ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਕੁੱਝ ਲੋਕਾਂ ਨੇ ਉਸ ਨਾਲ ਫ਼ਰਜ਼ੀ ਆਨਲਾਈਨ ਟਰੇਡਿੰਗ ਪਲੇਟਫ਼ਾਰਮ ਰਾਹੀਂ ਲਗਭਗ 2.87 ਕਰੋੜ ਰੁਪਏ ਦੀ ਠੱਗੀ ਕੀਤੀ | ਮੁਲਜ਼ਮਾਂ ਨੇ ਆਪਣੀ ਕੰਪਨੀ ਨੂੰ ਆਰ. ਬੀ. ਆਈ. ਤੇ ਸੇਬੀ ਤੋਂ ਰਜਿਸਟਰਡ ਅਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਰਜਿਸਟਰ ਹੋਣ ਦਾ ਦਾਅਵਾ ਕਰਕੇ ਲੋਕਾਂ ਦਾ ਭਰੋਸਾ ਜਿੱਤਦੇ ਸਨ ਤੇ ਇਕ ਸਕੀਮ 'ਚ ਨਿਵੇਸ਼ ਕਰਨ ਦਾ ਲਾਲਚ ਦਿੰਦੇ ਸਨ | ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਇਹ ਗਿਰੋਹ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਆਪਣੀ ਸਾਰੀ ਕਾਰਵਾਈ ਚਲਾਉਂਦਾ ਸੀ | ਠੱਗੇ ਹੋਏ ਪੈਸੇ ਦੇਸ਼ ਭਰ ਦੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਇਕੱਠੇ ਕੀਤੇ ਜਾਂਦੇ ਸਨ | ਪੁਲਿਸ ਦੇ ਹੱਥ ਲੱਗੇ ਵਾਟਸਐਪ ਚੈਟ, ਬੈਂਕ ਲੈਣ-ਦੇਣ ਤੇ ਤਕਨੀਕੀ ਸਬੂਤਾਂ ਤੋਂ ਸਪੱਸ਼ਟ ਹੋਇਆ ਕਿ ਠੱਗੀ ਦਾ ਪੂਰਾ ਨੈੱਟਵਰਕ ਇੰਦੌਰ ਤੋਂ ਓਪਰੇਟ ਕੀਤਾ ਜਾ ਰਿਹਾ ਸੀ | ਉਜੈਨ ਦੇ ਨਾਗਝਿਰੀ ਖੇਤਰ 'ਚ ਛਾਪੇਮਾਰੀ ਦੌਰਾਨ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਉਨ੍ਹਾਂ ਤੋਂ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਰਾਜਕੁਮਾਰ ਪਾਂਡੇ ਤੋਂ ਮਿਲਿਆ ਸੈਮਸੰਗ ਗੈਲੇਕਸੀ ਐੱਸ-22 ਮੋਬਾਈਲ ਫੋਨ ਬੰਧਨ ਬੈਂਕ ਦੇ ਖਾਤੇ ਨਾਲ ਜੁੜਿਆ ਹੋਇਆ ਸੀ | ਮੋਬਾਈਲ ਦੀ ਜਾਂਚ 'ਚ ਖ਼ੁਲਾਸਾ ਹੋਇਆ ਕਿ ਇਸ ਖਾਤੇ 'ਚ ਲਗਭਗ 20 ਲੱਖ ਠੱਗੀ ਰਕਮ ਜਮ੍ਹਾ ਕੀਤੀ ਗਈ ਸੀ | ਪੁਲਿਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਗਿਰੋਹ 'ਚ ਹੋਰ ਕੌਣ ਸ਼ਾਮਲ ਹੈ ਅਤੇ ਠੱਗੀ ਦੀ ਰਕਮ ਅੱਗੇ ਕਿਹੜੇ ਖਾਤਿਆਂ 'ਚ ਭੇਜੀ ਗਈ ਸੀ |