ਲਾਲੜੂ, 18 ਅਕਤੂਬਰ (ਰਾਜਬੀਰ ਸਿੰਘ)-ਹੰਡੇਸਰਾ ਨੇੜਲੇ ਪਿੰਡ ਹਮਾਂਯੂਪੁਰ-ਤਸਿੰਬਲੀ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਜ਼ਮੀਨ 'ਚ ਖੜ੍ਹੇ ਸਫ਼ੈਦਿਆਂ ਦੀ ਬੋਲੀ ਮੌਕੇ ਉੱਤੇ ਹੀ ਰੱਦ ਹੋਣ ਕਾਰਨ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ, ਪਿੰਡ ਵਾਸੀਆਂ ਤੇ ਬੋਲੀ ਦੇਣ ਆਏ ਲੱਕੜ ਦੇ ਠੇਕੇਦਾਰਾਂ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਬੋਲੀ ਕਰਵਾਉਣ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਮਾਮਲੇ ਨੂੰ ਅੰਦਰੂਨੀ ਦੱਸਦਿਆਂ ਇਸ ਸੰਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੰਬੰਧਤ ਗਰੁਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਤਸਿੰਬਲੀ ਤੇ ਇਲਾਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਦੱਸਿਆ ਕਿ ਐਸ. ਜੀ. ਪੀ. ਸੀ. ਦੀ ਅਤਿੰ੍ਰਗ ਕਮੇਟੀ ਨੇ ਬਕਾਇਦਾ ਬੋਲੀ ਸੰਬੰਧੀ ਮਤਾ ਨੰ. 761 ਰਾਹੀਂ ਮਨਜ਼ੂਰੀ ਦਿੱਤੀ ਸੀ ਅਤੇ ਇਸ ਉਪਰੰਤ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਲੋਂ ਇਸ ਬੋਲੀ ਲਈ ਸ਼੍ਰੋਮਣੀ ਕਮੇਟੀ ਤੋਂ ਇੰਸਪੈਕਟਰ ਭੇਜਣ ਦੀ ਮੰਗ ਕੀਤੀ ਸੀ | ਇਸ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਵਲੋਂ ਇੰਸਪੈਕਟਰ ਦਲਜੀਤ ਸਿੰਘ ਦੀ ਬੋਲੀ ਲਈ ਡਿਊਟੀ ਲਗਾਈ ਗਈ ਸੀ | ਉਕਤ ਆਗੂਆਂ ਨੇ ਦੱਸਿਆ ਕਿ ਬੋਲੀ ਸੰਬੰਧੀ ਬਕਾਇਦਾ ਅਖ਼ਬਾਰ 'ਚ ਇਸ਼ਤਿਹਾਰ ਵੀ ਦਿੱਤਾ ਗਿਆ ਸੀ ਅਤੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ 'ਚ ਲੱਕੜ ਦੇ ਠੇਕੇਦਾਰ ਮੌਕੇ ਉੱਤੇ ਬੋਲੀ ਦੇਣ ਲਈ ਆਏ ਸਨ, ਪਰ ਇੰਸਪੈਕਟਰ ਨੇ ਅਚਾਨਕ ਬੋਲੀ ਰੱਦ ਕਰ ਦਿੱਤੀ | ਉਨ੍ਹਾਂ ਇਸ ਮਾਮਲੇ 'ਚ ਸਿਆਸੀ ਦਖ਼ਲਅੰਦਾਜੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਅੱਜ ਬੋਲੀ ਹੋ ਜਾਂਦੀ ਤਾਂ ਨਾ ਸਿਰਫ਼ ਗੁਰਦੁਆਰਾ ਸਾਹਿਬ ਦੇ ਕਾਰਜ ਹੋ ਜਾਂਦੇ, ਸਗੋਂ ਸ਼ੋ੍ਰਮਣੀ ਕਮੇਟੀ ਨੂੰ ਵੀ ਨਿਰਧਾਰਤ ਦਸਵੰਧ ਮਿਲਣਾ ਸੀ | ਇਸੇ ਤਰ੍ਹਾਂ ਇਕ ਵੱਖਰੇ ਬਿਆਨ 'ਚ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਪਿੰਡ ਤਸਿੰਬਲੀ ਦੀ ਸਹਿਕਾਰੀ ਸੁਸਾਇਟੀ ਦੇ ਚੇਅਰਮੈਨ ਜਿੰਦਰ ਸਿੰਘ ਤੁਰਕਾ ਨੇ ਕਿਹਾ ਕਿ ਧਾਰਮਿਕ ਮਾਮਲਿਆਂ 'ਚ ਸਿਆਸੀ ਦਖ਼ਲਅੰਦਾਜੀ ਗੁਰਦੁਆਰਾ ਸਾਹਿਬ ਅਤੇ ਪਿੰਡ ਲਈ ਮੰਦਭਾਗੀ ਗੱਲ ਹੈ ਅਤੇ ਇਸ ਮਾਮਲੇ 'ਚ ਸ਼ੋ੍ਰਮਣੀ ਕਮੇਟੀ ਤੁਰੰਤ ਦਖ਼ਲ ਦਿੰਦਿਆਂ ਨੋਟਿਸ ਲੈਣਾ ਚਾਹੀਦਾ ਹੈ | ਉਧਰ ਦੂਜੇ ਪਾਸੇ ਇਸ ਮਾਮਲੇ ਬਾਰੇ ਸੰਪਰਕ ਕਰਨ 'ਤੇ ਸ਼ੋ੍ਰਮਣੀ ਕਮੇਟੀ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਬੋਲੀ ਰੱਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਅੰਦਰੂਨੀ ਮਸਲਾ ਹੈ ਅਤੇ ਇਸ ਸੰਬੰਧੀ ਉਹ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦੇ ਸਕਦੇ |