ਚੰਡੀਗੜ੍ਹ, 19 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀਰਵਾਰ ਨੂੰ ਸੈਸ਼ਨ 202425 ਦੌਰਾਨ 23 ਪੇਟੈਂਟ ਪ੍ਰਾਪਤ ਕਰਨ ਵਾਲੇ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਨੂੰ ਸਨਮਾਨਿਤ ਕੀਤਾ | ਇਹ ਪੇਟੈਂਟ ਪ੍ਰਸ਼ੰਸਾ ਸਨਮਾਨ ਸਮਾਰੋਹ ਯੂਨੀਵਰਸਿਟੀ ਕੈਂਪਸ 'ਚ ਸਥਿਤ ਗੁਰੂ ਤੇਗ ਬਹਾਦਰ ਭਵਨ ਦੇ ਸੈਮੀਨਾਰ ਹਾਲ ਵਿਚ ਕਰਵਾਇਆ | ਸਮਾਰੋਹ ਦੀ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਸਾਰੇ ਖੋਜਕਾਰਾਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਪ੍ਰਦਾਨ ਦਿੱਤੇ | ਸਾਲ ਦੇ ਪਹਿਲੇ ਪੰਜ ਪੇਟੈਂਟ ਪ੍ਰਾਪਤ ਕਰਨ ਵਾਲੇ ਖੋਜਕਾਰਾਂ ਲਈ ਨਕਦ ਇਨਾਮਾਂ ਦੀ ਘੋਸ਼ਣਾ ਕੀਤੀ | ਸਮਾਰੋਹ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਬਾਰ੍ਹਾਂ ਵਿਗਿਆਨੀਆਂ ਨੇ ਆਪਣੇ ਪੇਟੈਂਟ ਅਨੁਸੰਧਾਨ ਤੇ ਤਕਨਾਲੋਜੀਆਂ ਨੂੰ ਵਿਦਿਆਰਥੀਆਂ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਸੰਖੇਪ ਜਾਣਕਾਰੀ ਦਿੱਤੀ | ਪ੍ਰੋਗਾਰਮ 'ਚ ਵਰਧਮਾਨ ਕੇਮਟੈਕ ਦੇ ਮਾਲਿਕ ਸੁਯੋਗ ਜੈਨ ਨੇ ਗੈਸਟ ਆਫ ਆਨਰ ਦੇ ਤੌਰ 'ਤੇ ਹਿੱਸਾ ਲਿਆ ਅਤੇ ਅਕਾਦਮਿਕ ਪੇਟੈਂਟਾਂ ਦੇ ਵਪਾਰਿਕਰਨ, ਉਦਯੋਗ ਦੀਆਂ ਉਮੀਦਾਂ, ਵਿਸਥਾਰ ਯੋਗਤਾ ਤੇ ਬਾਜ਼ਾਰ ਦੀ ਤਿਆਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਇਲਾਵਾ ਚੀਮਾ ਬਾਇਲਰਜ਼ ਦੇ ਮਾਲਿਕ ਡਾ. ਐਚ. ਐਸ. ਚੀਮਾ ਵੀ ਸਮਾਰੋਹ 'ਚ ਹਾਜ਼ਰ ਰਹੇ ਅਤੇ ਯੂਨੀਵਰਸਿਟੀ ਦੇ ਕੁਝ ਪੇਟੈਂਟਾਂ ਨੂੰ ਉਦਯੋਗਿਕ ਵਰਤੋਂ ਲਈ ਵੇਖਣ ਵਿਚ ਦਿਲਚਸਪੀ ਜਤਾਈ |