ਐੱਸ. ਏ. ਐੱਸ. ਨਗਰ, 19 ਦਸੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ 2024-25 ਬੈਚ ਦੇ ਇੰਜੀਨੀਅਰਿੰਗ ਤੇ ਕੰਪਿਊਟਰ ਐਪਲੀਕੇਸ਼ਨ ਦੇ ਵਿਦਿਆਰਥੀਆਂ ਲਈ ਸਾਲਾਨਾ ਕਨਵੋਕੇਸ਼ਨ ਸਮਾਰੋਹ ਕਰਵਾਇਆ, ਜਿਸ ਦੌਰਾਨ ਇੰਜੀਨੀਅਰਿੰਗ ਅਤੇ ਕੰਪਿਊਟਰ ਐਪਲੀਕੇਸ਼ਨ ਦੇ (906 ਅੰਡਰ-ਗ੍ਰੈਜੂਏਟ ਅਤੇ 1,347 ਪੋਸਟ ਗ੍ਰੈਜੂਏਟ) ਵਿਦਿਆਰਥੀਆਂ ਨੂੰ ਕੁੱਲ 2,253 ਡਿਗਰੀਆਂ ਵੰਡੀਆਂ ਗਈਆਂ | ਕਨਵੋਕੇਸ਼ਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਈ. ਵਾਈ. ਜੀ. ਡੀ. ਐੱਸ. ਦੇ ਸਾਈਬਰ ਮੈਨੇਜਡ ਸਰਵਿਸ ਲੀਡਰ ਨੀਰਜ ਕੁਮਾਰ ਤੇ ਗ੍ਰੋਜ਼ ਬੇਕਰ ਕਾਰਡਿੰਗ ਇੰਡੀਆ ਪ੍ਰਾ. ਲਿ. ਦੇ ਮੈਨੇਜਿੰਗ ਡਾਇਰੈਕਟਰ ਪੁਨਿਤ ਵਿਜ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਵੀਰਾਜਾ ਐਨ ਸੀਤਾਰਾਮ, ਸਿੱਖਿਆ ਮਾਮਲਿਆਂ ਦੇ ਪ੍ਰੋ. ਵਾਈਸ ਚਾਂਸਲਰ ਡਾ. ਰਘੁਵੀਰ ਤੇ ਪ੍ਰੋ. ਵਾਈਸ ਚਾਂਸਲਰ ਡਾ. ਐੱਸ. ਐੱਸ. ਸਹਿਗਲ ਸਮੇਤ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ | ਇਸ ਤੋਂ ਇਲਾਵਾ ਇੰਜੀਨੀਅਰਿੰਗ ਦੇ 16 ਤੇ ਕੰਪਿਊਟਰ ਦੇ 6 ਟਾਪਰ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ਲਈ ਸੋਨੇ ਦੇ ਤਗ਼ਮਿਆਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਨੀਰਜ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਡਾ. ਏ. ਪੀ. ਜੇ. ਅਬਦੁਲ ਕਲਾਮ ਅਕਸਰ ਆਖਦੇ ਸਨ ਕਿ ਵੱਡੇ ਸੁਪਨੇ ਦੇਖੋ ਅਤੇ ਜਦੋਂ ਤੁਸੀਂ ਕੁਝ ਵੱਖਰਾ ਕਰ ਰਹੇ ਹੋ ਤਾਂ ਅਸਫ਼ਲਤਾ ਤੋਂ ਨਾ ਡਰੋ | ਉਨ੍ਹਾਂ ਕਿਹਾ ਕਿ ਏ. ਆਈ. ਨੇ ਉਦਯੋਗ ਦੇ ਹਰ ਪਹਿਲੂ ਨੂੰ ਬਦਲ ਦਿੱਤਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਏ. ਆਈ. ਨੌਕਰੀਆਂ ਨੂੰ ਖ਼ਤਰਾ ਪੈਦਾ ਕਰੇ | ਇਹ ਅਸਲ 'ਚ ਸਾਡੇ ਕੰਮ ਕਰਨ ਦੇ ਤਰੀਕੇ 'ਚ ਸੁਧਾਰ ਕਰੇਗਾ | ਇਸੇ ਦੌਰਾਨ ਗ੍ਰੋਜ਼ ਬੈਕਰਟ ਕਾਰਡਿੰਗ ਇੰਡੀਆ ਪ੍ਰਾ. ਲਿ. ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਵਿਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਪਣੇ ਕਰੀਅਰ 'ਚ ਸਫ਼ਲਤਾ ਹਾਸਿਲ ਕਰਨ ਲਈ ਤੁਹਾਡੇ ਅੰਦਰ ਹਰ ਚੀਜ਼ ਬਾਰੇ ਗਿਆਨ ਪ੍ਰਾਪਤ ਕਰਨ ਦੀ ਇੱਛਾ ਹੋਣਾ ਜ਼ਰੂਰੀ ਹੈ | ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਨ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰਵੀਰਾਜਾ ਐਨ ਸੀਤਾਰਾਮ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਖੋਜ, ਨਵੀਨਤਾ ਅਤੇ ਉੱਦਮਤਾ 'ਚ ਗਲੋਬਲ ਸੈਂਟਰ ਆਫ਼ ਐਕਸੀਲੈਂਸ ਬਣਨ, ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਗਿਆਨ ਨਾਲ ਸਸ਼ਕਤ ਬਣਾਉਣ ਅਤੇ ਸਮਾਜਿਕ ਪ੍ਰਭਾਵ ਦੇ ਨਾਲ ਗਲੋਬਲ ਲੀਡਰ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਥਾਪਿਤ ਕੀਤੀ ਗਈ ਹੈ ਤੇ ਉਹ ਲਗਾਤਾਰ ਇਸ ਦਿਸਾ 'ਚ ਅੱਗੇ ਵਧ ਰਹੀ ਹੈ |