ਐੱਸ. ਏ. ਐੱਸ. ਨਗਰ, 19 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-5994 ਈ. ਟੀ. ਟੀ. ਅਸਾਮੀਆਂ ਲਈ ਯੋਗ ਬੇਰੁਜ਼ਗਾਰ ਅਧਿਆਪਕਾਂ ਵਲੋਂ ਵਿੱਦਿਆ ਭਵਨ ਮੁਹਾਲੀ ਅੱਗੇ ਪਿਛਲੀ ਸਰਕਾਰ ਵੇਲੇ ਜਾਰੀ ਹੋਈ 5994 ਈ. ਟੀ. ਟੀ. ਅਸਾਮੀਆਂ ਦੀ ਭਰਤੀ ਨੂੰ ਬੈਕਲਾਗ ਸਮੇਤ ਮੁਕੰਮਲ ਕਰਨ ਦੀ ਮੰਗ ਨੂੰ ਲੈ ਕੇ ਲਗਾਏ ਧਰਨੇ ਨੂੰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ. ਟੀ. ਐਫ.) ਨੇ ਹਮਾਇਤ ਦਿੱਤੀ ਹੈ | ਡੀ. ਟੀ. ਐੱਫ. ਦੇ ਵਫ਼ਦ ਵਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ 'ਚ ਧਰਨੇ 'ਚ ਸ਼ਮੂਲੀਅਤ ਕਰਨ ਸਮੇਤ ਸਮੁੱਚੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਈ. ਟੀ. ਟੀ. 5994 ਅਧਿਆਪਕਾਂ ਦੀ ਭਰਤੀ 'ਚੋਂ ਹਾਲੇ ਤੱਕ ਕੇਵਲ 2640 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ, ਜਦਕਿ 3354 ਅਸਾਮੀਆਂ ਹਾਲੇ ਵੀ ਖਾਲੀ ਹਨ | ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਅਜਿਹੀ ਗ਼ੈਰ-ਸੁਹਿਰਦਤਾ ਕਾਰਨ ਬੇਰੁਜ਼ਗਾਰ ਅਧਿਆਪਕਾਂ ਨੂੰ ਗਰਮੀ, ਬਰਸਾਤਾਂ ਤੇ ਠੰਢੀਆਂ ਰਾਤਾਂ ਸੜਕਾਂ 'ਤੇ ਬਿਤਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਆਗੂਆਂ ਨੇ ਮੰਗ ਕੀਤੀ ਕਿ ਈ. ਟੀ. ਟੀ. 5994 ਭਰਤੀ 'ਚੋਂ ਬੈਕਲਾਗ ਦੀਆਂ ਅਸਾਮੀਆਂ ਨੂੰ ਸੰਬੰਧਤ ਕੈਟਾਗਰੀ 'ਚ ਡੀ-ਰਿਜ਼ਰਵ ਕਰਕੇ ਭਰਤੀ ਦੀ ਅਗਲੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਵੇ ਤੇ ਜਿਹੜੇ ਉਮੀਦਵਾਰ ਸਕਰੂਟਨੀ ਕਰਵਾ ਚੁੱਕੇ ਹਨ, ਪਰ ਉਨ੍ਹਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ, ਉਨ੍ਹਾਂ ਨੂੰ ਵੀ ਜਲਦ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ | ਇਸ ਮੌਕੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ |