ਮੁੱਲਾਂਪੁਰ ਗਰੀਬਦਾਸ, 25 ਦਸੰਬਰ (ਦਿਲਬਰ ਸਿੰਘ ਖੈਰਪੁਰ)-ਕਸਬਾ ਮੁੱਲਾਂਪੁਰ 'ਚ ਦਿਨ ਦਿਹਾੜੇ ਕਤਲ ਹੋਏ ਨੌਜਵਾਨ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ | ਪੁਲਿਸ ਨੇ ਮਿ੍ਤਕ ਦੇ ਪਿੰਡ ਭੜੌਜੀਆਂ ਦੇ ਨੌਜਵਾਨ ਤੇ ਪਿੰਡ ਦੀ ਹੀ ਵਸਨੀਕ ਇਕ ਮਹਿਲਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਮਨਜੋਤ ਸਿੰਘ ਨੂੰ ਕਾਬੂ ਕਰਕੇ ਉਸ ਦਾ ਚਾਰ ਰੋਜ਼ਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ | ਕਤਲ ਦਾ ਕਾਰਨ ਨਾਜਾਇਜ਼ ਸੰਬੰਧ ਦੱਸਿਆ ਜਾ ਰਿਹਾ ਹੈ | ਮਿ੍ਤਕ ਹਰਵਿੰਦਰ ਸਿੰਘ ਦੇ ਭਰਾ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਭਰਾ ਅਕਸਰ ਮੁੱਲਾਂਪੁਰ ਦੇ ਪੰਮਾ ਟੈਕਸੀ ਸਟੈਂਡ 'ਤੇ ਆਉਂਦਾ-ਜਾਂਦਾ ਸੀ ਅਤੇ ਘਟਨਾ ਵਾਲੇ ਦਿਨ ਵੀ ਕਥਿਤ ਦੋਸ਼ੀ ਨੇ ਆਪਣੇ ਗੁਆਂਢ ਵਿਚ ਰਹਿੰਦੀ? ਕਥਿਤ ਦੋਸ਼ੀ ਮਹਿਲਾ ਨਾਲ ਸਾਜ਼ਿਸ਼ ਕਰਕੇ ਉਥੋਂ ਹਰਵਿੰਦਰ ਸਿੰਘ ਨੂੰ ਸੁਨਸਾਨ ਜਗ੍ਹਾ 'ਤੇ ਲੈ ਗਿਆ ਤੇ ਕੁਝ ਹੀ ਪਲਾਂ ਵਿਚ ਉਨ੍ਹਾਂ ਨੇ ਉਸਦੇ ਭਰਾ ਦੇ ਪੇਟ 'ਚ ਕਿਰਚ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਲਾਜ ਲਈ ਹਰਵਿੰਦਰ ਸਿੰਘ ਨੂੰ ਸੈਕਟਰ-16 ਹਸਪਤਾਲ ਚੰਡੀਗੜ੍ਹ ਪਹੁੰਚਾਇਆ ਗਿਆ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ | ਬਲਜਿੰਦਰ ਸਿੰਘ ਨੇ ਦੱਸਿਆ ਕਿ ਕਾਤਲ ਨੌਜਵਾਨ ਪਿੰਡ ਦਾ ਹੀ ਰਹਿਣ ਵਾਲਾ ਹੈ | ਸ਼ਿਕਾਇਤਕਰਤਾ ਨੇ ਨਾਜਾਇਜ਼ ਸੰਬੰਧਾਂ ਨੂੰ ਕਤਲ ਦਾ ਕਾਰਨ ਦੱਸਿਆ | ਇਸ ਸੰਬੰਧੀ ਐਸ. ਐਚ. ਓ. ਅਮਨਦੀਪ ਸਿੰਘ ਤਾਰੀਕਾ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੌਜਵਾਨ ਨੂੰ ਗਿ੍ਫਤਾਰ ਕਰ ਲਿਆ ਹੈ ਤੇ ਲੋੜੀਂਦੀ ਦੋਸ਼ੀ ਮਹਿਲਾ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ |