ਨੂਰਪੁਰ ਬੇਦੀ, 31 ਅਗਸਤ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਇ) ਦੀ ਨਾਮ ਲੇਵਾ ਸਰਬ ਸੰਗਤ ਵਲੋਂ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ 'ਚ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੇ ਅਵਤਾਰ ਦਿਵਸ ਮਨਾਉਣ ਲਈ ਕਰਵਾਏ ਜਾ ਰਹੇ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀ ਰੂਪ ਰੇਖਾ ਉਲੀਕਣ ਸਬੰਧੀ ਅੱਜ ਗੁਰਗੱਦੀ ਪ੍ਰਪੰਰਾ ਦੇ ਨਾਲ ਜੁੜੇ ਸਮੁੱਚੇ ਸੇਵਾਦਾਰਾਂ ਦੀ ਭਰਵੀਂ ਮੀਟਿੰਗ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਹੋਈ | ਮੀਟਿੰਗ ਦੌਰਾਨ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਮੈਬਰਾਂ ਨੇ ਦੱਸਿਆ ਕਿ 8 ਸਤੰਬਰ ਨੂੰ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਜੀ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਨਗੇ | 9 ਸਤੰਬਰ ਨੂੰ ਵੱਖ-ਵੱਖ ਮਾਹਿਰ ਡਾਕਟਰਾਂ ਦੀ ਅਧਾਰਿਤ ਟੀਮ ਵਲੋਂ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਅਤੇ ਪੀ.ਜੀ.ਆਈ ਚੰਡੀਗੜ੍ਹ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ | ਇਸੇ ਹੀ ਦੌਰਾਨ ਬਾਣੀ ਨੂੰ ਮੱਧ ਦੇ ਭੋਗ ਲੱਗਣਗੇ | 10 ਸਤੰਬਰ ਨੂੰ ਅਚਾਰੀਆ ਸਤਿਗੁਰੂ ਕਾਸ਼ੀ ਵਾਲੇ ਪਹਿਲਾਂ ਅੰਮਿ੍ਤ ਵੇਲੇ ਸ਼ੋਭਾ ਯਾਤਰਾ ਦੌਰਾਨ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਨਗਰ ਦੀ ਸਰਬ ਸੰਗਤ ਤੇ ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਸੰਤ ਮਹਾਪੁਰਸ਼ਾ ਦੁਆਰਾ ਸਤਿਗੁਰੂ ਕਾਸ਼ੀ ਵਾਲਿਆਂ ਦੀ ਅਗਵਾਈ ਹੇਠ ਨਗਰ ਪ੍ਰਕਿਰਮਾ ਹੋਵੇਗੀ | ਉਪਰੰਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀ ਸਮਾਪਤੀ ਮੋਕੇ ਤੇ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਪਾਏ ਜਾਣਗੇ | ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੇ ਤਿੰਨ ਦਿਨ ਸੰਧਿਆ ਆਰਤੀ ਉਪਰੰਤ ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਮਹਾਰਾਜ ਸਹਿਤ ਵੱਖ ਵੱਖ ਸੰਪਰਦਾਵਾਂ ਤੋਂ ਪੁੱਜੇ ਦੇ ਵਿਦਵਾਨ ਸੰਤ ਮਹਾਂਪੁਰਸ਼ ਸਤਿਸੰਗ ਉਪਦੇਸ਼ ਜ਼ਰੀਏ ਸੰਗਤਾਂ ਤੇ ਅੰਮਿ੍ਤ ਵਰਖਾ ਕਰਨਗੇ | ਟਰੱਸਟ ਦੇ ਮੈਂਬਰਾ ਨੇ ਦੱਸਿਆ ਕਿ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਲਈ 40 ਦੇ ਕਰੀਬ ਸੇਵਾਦਾਰਾਂ ਦੇ ਵੱਖਰੇ ਵੱਖਰੇ ਵਿੰਗ ਬਣਾਕੇ ਪੂਰੇ ਸਮਾਗਮ ਨੂੰ 4 ਸੈਕਟਰਾਂ ਵਿਚ ਵੰਡਕੇ 900 ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਜੋ 7 ਸਤੰਬਰ ਨੂੰ ਧਾਮ ਝਾਂਡੀਆਂ ਕਲਾਂ ਵਿਖੇ ਪਹੁੰਚ ਕੇ ਆਪੋ ਆਪਣੀਆਂ ਡਿਊਟੀਆਂ ਸੰਭਾਲਣਗੇ | ਮੀਟਿੰਗ ਦੌਰਾਨ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀ ਸੇਵਾਦਾਰਾਂ ਵਲੋਂ ਰੂਪ ਰੇਖਾ ਉਲੀਕੀ ਗਈ ਹੈਂ ਅਤੇ ਸਮਾਗਮ ਦੀ ਸਫਲਤਾ ਲਈ ਸੇਵਾਦਾਰਾਂ ਅਤੇ ਵਿੰਗ ਇੰਚਰਜਾਂ ਤੋਂ ਸੁਝਾਅ ਵੀ ਲਏ ਗਏ ਹਨ | ਸੰਤ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸਿੱਜਦਾ ਹੋਣ ਲਈ ਪੁੱਜਦੀਆਂ ਹਨ | ਮੀਟਿੰਗ ਮੌਕੇ ਤੇ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਸਮੂਹ ਸੇਵਾਦਾਰਾਂ ਤੋ ਇਲਾਵਾ ਟਰੱਸਟ ਮੈਂਬਰ ਹਾਜ਼ਰ ਸਨ |