ਨੂਰਪੁਰ ਬੇਦੀ,4 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਨਾਲ ਜੋੜਨ ਵਾਲੇ ਸੰਗਤਪੁਰ (ਠਾਣਾ ਪੁਲ) ਹੇਠੋਂ ਵਗਦੀ ਸਤਲੁਜ ਨਦੀ ਵਿਚ ਭਾਖੜਾ ਡੈਮ ਤੋਂ ਛੱਡੇ 85 ਹਜ਼ਾਰ ਕਿਊਸਿਕ ਪਾਣੀ ਕਾਰਨ ਸਤਲੁਜ ਦਰਿਆ ਕਿਨਾਰੇ ਸੁਰੱਖਿਆ ਲਈ ਲਗਾਏ ਗਏ ਡੰਗੇ ਕਈ ਥਾਵਾਂ ਤੋਂ ਹੜ੍ਹ ਦੀ ਲਪੇਟ ਵਿਚ ਆ ਗਏ ਹਨ ਅਤੇ ਇਹ ਡੰਗੇ ਸਤਲੁਜ ਦੇ ਪਾਣੀ ਵਿਚ ਸਮਾਂ ਗਏ ਹਨ | ਇਸ ਤੋਂ ਇਲਾਵਾ ਹੋਰਨਾਂ ਥਾਈਾ ਵੀ ਕਈ ਪਿੰਡਾਂ ਦੇ ਸਤਲੁਜ ਕਿਨਾਰੇ ਸੁਰੱਖਿਆ ਲਈ ਲਗਾਏ ਗਏ ਤਾਰ ਦੇ ਕਰੇਟ (ਡੰਗੇ) ਤੇਜ਼ ਪਾਣੀ ਦੀ ਲਪੇਟ ਵਿਚ ਆ ਗਏ ਹਨ |ਸੰਗਤਪੁਰ ਪੁਲ ਲਾਗੇ ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਲੋਕਾਂ ਵਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ |ਨੂਰਪੁਰ ਬੇਦੀ ਇਲਾਕੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਅਗਵਾਈ ਵਿਚ ਟਰੈਕਟਰਾਂ ਟਰਾਲੀਆਂ ਦੀ ਮਦਦ ਨਾਲ ਇੱਥੇ ਮਿੱਟੀ ਦੇ ਥੈਲੇ ਪਹੁੰਚਾ ਦਿੱਤੇ ਗਏ | ਇੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਿਰਦੇਸ਼ਾਂ ਤੇ ਪਹਿਲਾਂ ਹੀ ਨਰੇਗਾ ਵਰਕਰ ਮਿੱਟੀ ਦੇ ਥੈਲੇ ਲਗਾਉਣ ਵਿਚ ਜੁਟੇ ਹੋਏ ਸਨ | ਨੂਰਪੁਰ ਬੇਦੀ ਤੋਂ ਅੱਜ ਗੌਰਵ ਰਾਣਾ ਤੇ ਹੋਰਨਾਂ ਨੇ ਇਸ ਪੁਲ ਤੇ ਰਾਹਤ ਕਾਰਜਾਂ ਵਿਚ ਆਪਣਾ ਯੋਗਦਾਨ ਪਾਇਆ | ਜਾਲ ਵਿਚ ਮਿੱਟੀ ਦੀਆਂ ਬੋਰੀਆਂ ਕਿਨਾਰੇ ਤੇ ਲਗਾ ਕੇ ਕੰਢਿਆਂ ਨੂੰ ਖੁਰਨ ਤੋਂ ਬਚਾਇਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇੱਥੇ ਸਤਲੁਜ ਦਰਿਆ ਵਿਚ ਕੋਈ ਪਾੜ ਪੈਂਦਾ ਹੈ ਤਾਂ ਕਦੀ ਵੀ ਵੱਡੀ ਅਣਸੁਖਾਂਵੀ ਘਟਨਾ ਵਾਪਰ ਸਕਦੀ ਸੀ | ਸਮੇਂ ਸਿਰ ਕੀਤੇ ਜਾ ਰਹੇ ਰਾਹਤ ਕਾਰਜਾਂ ਕਰਕੇ ਹੜ੍ਹ ਦੇ ਵਿਰਾਟ ਰੂਪ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ |