ਨੰਗਲ, 22 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਪ੍ਰੇਰਨਾ ਨਾਲ ਪਿੰਡ ਤਲਵਾੜਾ 'ਚ ਖ਼ੁਸ਼ੀ ਦੇ ਮਹੱਤਵ ਬਾਰੇ ਇਕ ਸਮਾਗਮ ਕਰਵਾਇਆ ਗਿਆ | ਅੱਸੀ ਵਰਿ੍ਹਆਂ ਦੇ ਸਾਹਿਤਕਾਰ ਬਲਬੀਰ ਸਿੰਘ ਸੈਣੀ ਜਿਨ੍ਹਾਂ ਨੇ 12 ਤੋਂ ਵੱਧ ਪੁਸਤਕਾਂ ਲਿਖੀਆਂ ਹਨ ਨੇ ਦੱਸਿਆ ਕਿ 'ਆਰਟ ਆਫ਼ ਗਿਵਿੰਗ' ਹੀ ਹਾਸੇ ਦੀ ਹੱਟੀ ਦੀ ਚਾਬੀ ਹੈ | ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਦੀ ਸਾਬਕਾ ਮੈਂਬਰ ਕੈਲਾਸ਼ ਠਾਕੁਰ ਨੇ ਕਿਹਾ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ ਪੰਜਾਬੀ ਜਨ ਜੀਵਨ 'ਚੋਂ ਹਾਸਾ ਗਾਇਬ ਹੋ ਰਿਹਾ ਹੈ ਅਤੇ ਈਗੋ ਵੱਧ ਰਹੀ ਹੈ | ਕਲੱਬ ਵਲੋਂ ਬੀ.ਬੀ.ਐੱਮ.ਬੀ. ਦੇ ਲੋਕ ਸੰਪਰਕ ਅਫ਼ਸਰ ਸਤਨਾਮ ਸਿੰਘ ਲਾਦੀ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਇੰਦੂ ਨੂੰ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ, ਜਿਨ੍ਹਾਂ ਦੀ ਜਿੰਦਗੀ ਹੀ ਲੋਕ ਸੇਵਾ ਨੂੰ ਸਮਰਪਿਤ ਹੈ | ਇਸ ਮੌਕੇ ਯੋਗੇਸ਼ ਸੱਚਦੇਵਾ, ਬਾਬੂ ਰਾਮ ਮਿਨਹਾਸ, ਉਮੇਸ਼ ਠਾਕੁਰ, ਨਿਤਿਨ ਸ਼ਰਮਾ ਤੇ ਧਿਆਨੂੰ ਠਾਕੁਰ ਆਦਿ ਹਾਜ਼ਰ ਸਨ |