ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਕਰਨੈਲ ਸਿੰਘ)-ਕਮਾਂਡਿੰਗ ਅਫ਼ਸਰ ਕਰਨਲ ਰਾਜੇਸ਼ਵਰ ਸਿੰਘ, ਐਡਮ ਅਫ਼ਸਰ ਕਰਨਲ ਆਰ. ਕੇ. ਚੌਧਰੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਦੀ ਅਗਵਾਈ 'ਚ ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੀਫ਼ ਐਨ.ਸੀ.ਸੀ. ਅਫ਼ਸਰ ਰਣਜੀਤ ਸਿੰਘ ਸੈਣੀ ਨੇ ਦੱਸਿਆ ਕਿ ਐਨ.ਸੀ.ਸੀ. ਕੈਡਿਟਾਂ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਦੇ ਲਈ ਚਾਰਟ ਬਣਾਏ ਗਏ | ਇਨ੍ਹਾਂ ਚਾਰਟਾਂ 'ਚ ਕੈਡਿਟਾਂ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ, ਕਿ ਉਹ ਇਸ ਦੀਵਾਲੀ ਮੌਕੇ ਕਿਸੇ ਤਰ੍ਹਾਂ ਦੀ ਆਤਿਸ਼ਬਾਜ਼ੀ ਨਾ ਕਰਨ ਅਤੇ ਪੌਣ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ 'ਚ ਆਪਣਾ ਯੋਗਦਾਨ ਦੇਣ | ਇਸ ਮੌਕੇ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਨੇ ਐਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੌਣ ਪਾਣੀ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਸਭ ਦਾ ਮੁੱਢਲਾ ਫ਼ਰਜ਼ ਹੈ | ਦੀਵਾਲੀ ਮੌਕੇ ਆਤਿਸ਼ਬਾਜ਼ੀ ਕਰਨ ਦੇ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ ਅਤੇ ਹਵਾ ਪ੍ਰਦੂਸ਼ਣ ਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਆਪਣੀ ਜਕੜ 'ਚ ਲੈ ਲੈਂਦੀਆਂ ਹਨ | ਇਸ ਲਈ ਹਰ ਕਿਸੇ ਨੂੰ ਆਤਿਸ਼ਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ | ਇਸ ਮੌਕੇ ਉੱਤੇ ਕੈਡਿਟਾਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਵੀ ਕੀਤਾ |