ਸ੍ਰੀ ਅਨੰਦਪੁਰ ਸਾਹਿਬ, 3 ਨਵੰਬਰ (ਜੇ. ਐਸ. ਨਿੱਕੂਵਾਲ)-ਸ੍ਰੀ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਮੌਕੇ 'ਤੇ 'ਨੂਰ-ਏ-ਨਾਨਕ' ਨਾਮਕ ਦੋ-ਦਿਨਾਂ ਦਾ ਧਾਰਮਿਕ ਸਮਾਗਮ ਉਲੀਕਿਆ ਗਿਆ ਹੈ | ਇਹ ਸਮਾਗਮ 4 ਤੇ 5 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5: ਵਜੇ ਤੱਕ ਅਕੈਡਮੀ ਵਿਖੇ ਮਨਾਇਆ ਜਾਵੇਗਾ | ਇਸ ਸੰਬੰਧੀ ਪਿ੍ੰਸੀਪਲ ਡਾ. ਸੋਨੂ ਵਾਲੀਆ ਨੇ ਕਿਹਾ ਕਿ 'ਨੁਰ-ਏ-ਨਾਨਕ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਨੰਤ ਜੋਤ, ਬੇਮਿਸਾਲ ਗਿਆਨ ਤੇ ਦੁਨੀਆ ਭਰ ਵਿਚ ਸ਼ਾਂਤੀ ਤੇ ਪਿਆਰ ਦਾ ਸੁਨੇਹਾ ਫੈਲਾਉਣ ਵਾਲੇ ਉਪਦੇਸ਼ਾਂ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ ਹੈ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਵਿਸ਼ੇਸ਼ ਰੌਣਕ 'ਗੁਰੂ ਨਾਨਕ ਸਾਹਿਬ ਦੀ ਅਦੁੱਤੀ ਵਿਰਾਸਤ 'ਤੇ ਇਕ ਵਿਸ਼ਾਲ ਪ੍ਰਦਰਸ਼ਨੀ ਹੋਵੇਗੀ | ਇਹ ਪ੍ਰਦਰਸ਼ਨੀ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਅਤੇ ਜੀਵਨ ਫ਼ਲਸਫ਼ੇ ਦੀ ਇਕ ਰੂਹਾਨੀ ਯਾਤਰਾ 'ਤੇ ਲੈ ਜਾਵੇਗੀ, ਜਿਸ 'ਚ ਗੁਰੂ ਸਾਹਿਬ ਦੀ ਜ਼ਿੰਦਗੀ ਦੀਆਂ ਮਹੱਤਵਪੂਰਨ ਘਟਨਾਵਾਂ 'ਤੇ ਪ੍ਰਕਾਸ਼ ਤੇ ਨਾਲ ਹੀ ਉਨ੍ਹਾਂ ਦੀਆਂ ਚਾਰ ਉਦਾਸੀਆਂ ਦੀ ਪੇਸ਼ਕਾਰੀ ਹੋਵੇਗੀ | ਪ੍ਰਦਰਸ਼ਨੀ 'ਚ ਇਤਿਹਾਸਕ ਵਸਤਾਂ, ਪੁਰਾਤਨ ਹਥਿਆਰ ਵੀ ਸਿੱਖ ਵਿਰਾਸਤ ਦੀ ਸ਼ਾਨਦਾਰ ਝਲਕ ਪੇਸ਼ ਕਰਨਗੇ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਰਵਾਇਤੀ ਸਿੱਖ ਸਾਜਾਂ ਰਾਹੀਂ ਸੰਗਤ 'ਚ ਰੂਹਾਨੀ ਗੁਰਬਾਣੀ ਕੀਰਤਨ ਦੀ ਰਸ ਭਰੀ ਪੇਸ਼ਕਾਰੀ ਵੀ ਕੀਤੀ ਜਾਵੇਗੀ, ਜੋ ਸਮਾਗਮ ਨੂੰ ਹੋਰ ਭਾਵਨਾਤਮਕ ਤੇ ਆਤਮਿਕ ਰੰਗ ਬਖ਼ਸ਼ੇਗੀ | ਇਸ ਮੌਕੇ ਭਰਤ ਭੂਸ਼ਣ ਸਿੰਘ, ਮਹੇਸ਼ ਕੁਮਾਰ ਸ਼ਰਮਾ ਵੀ ਹਾਜ਼ਰ ਸਨ |