ਸ੍ਰੀ ਅਨੰਦਪੁਰ ਸਾਹਿਬ, 3 ਨਵੰਬਰ (ਜੇ. ਐਸ. ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੂੰ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਤਰਿੰਗ ਕਮੇਟੀ ਮੈਂਬਰ ਬਣਾਇਆ ਗਿਆ ਹੈ, ਜੋਕਿ ਪੇਸ਼ੇ ਵਜੋਂ ਬੀ. ਏ. ਐਮ. ਐਸ. ਡਾਕਟਰ ਹਨ | ਉਨ੍ਹਾਂ ਦਾ ਜਨਮ 14 ਅਕਤੂਬਰ 1970 ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿਖੇ ਹੋਇਆ ਸੀ, ਜਿਨ੍ਹਾਂ ਮੁੱਢਲੀ ਸਿੱਖਿਆ ਜ਼ਿਲ੍ਹਾ ਸੋਲਨ ਤੋਂ ਕਰਨ ਉਪਰੰਤ ਚੰਡੀਗੜ੍ਹ ਦੇ ਸੈਕਟਰ 46 'ਚ ਸਥਿਤ ਮੈਡੀਕਲ ਕਾਲਜ ਤੋਂ ਬੀ. ਏ. ਐਮ. ਐਸ. ਦੀ ਡਿਗਰੀ ਹਾਸਿਲ ਕੀਤੀ ਸੀ | ਉਹ ਕਾਲਜ ਸਮੇਂ ਤੋਂ ਹੀ ਸਿਆਸਤ 'ਚ ਸਰਗਰਮ ਹਨ, ਜੋ ਕਿ 2000 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਿਮਾਚਲ ਪ੍ਰਦੇਸ਼ ਸੂਬੇ ਦੇ ਪ੍ਰਧਾਨ ਰਹਿ ਚੁੱਕੇ ਹਨ, ਜਿਨ੍ਹਾਂ ਨੂੰ ਹੁਣ ਦੂਜੀ ਵਾਰ ਫਿਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਿਮਾਚਲ ਪ੍ਰਦੇਸ਼ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ | ਉਨ੍ਹਾਂ 2004 'ਚ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਸੀ ਜਦ ਕਿ ਉਨ੍ਹਾਂ ਦੂਜੀ ਵਾਰ 2011 ਵਿਚ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਈ ਸੀ | ਉਹ ਆਪਣੀ ਧਰਮ ਪਤਨੀ ਮਨਦੀਪ ਕੌਰ ਤੋਂ ਇਲਾਵਾ ਪੁੱਤਰੀ ਡਾ. ਕਿਰਨਜੋਤ ਕੌਰ ਤੇ ਪੁੱਤਰ ਅਰਮਾਨ ਸਿੰਘ ਨਾਲ ਨਾਲਾਗੜ ਵਿਖੇ ਆਪਣਾ ਜੀਵਨ ਗੁਜਰ ਬਸਰ ਕਰ ਰਹੇ ਹਨ | ਡਾ. ਭਿੰਡਰ ਨੇ ਆਪਣੀ ਨਿਯੁਕਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਦੀ ਨਿਯੁਕਤੀ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਢਾਹੇ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਸੰਦੀਪ ਸਿੰਘ ਕਲੋਤਾ ਅਤੇ ਹਰਦੇਵ ਸਿੰਘ, ਸੁਰਿੰਦਰ ਸਿੰਘ ਮਟੌਰ, ਰਾਮ ਆਸਰਾ ਸਿੰਘ, ਸੁਖਬੀਰ ਸਿੰਘ ਕਲਵਾਂ, ਨਿਰਮਲ ਸਿੰਘ ਹਰੀਵਾਲ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ |