ਐੱਸ. ਏ. ਐੱਸ. ਨਗਰ, 26 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇ. ਪੀ. ਸਿੰਘ ਨੇ ਮੁਹਾਲੀ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਂਅ ਬਦਲਣ ਤੇ ਉਸ 'ਚ ਕੀਤੇ ਜਾ ਰਹੇ ਤਾਜ਼ਾ ਬਦਲਾਵਾਂ 'ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਹ ਸਿਰਫ਼ ਨਾਂਅ ਬਦਲਣ ਦੀ ਗੱਲ ਨਹੀਂ, ਸਗੋਂ ਮਨਰੇਗਾ ਵਰਗੀ ਇਤਿਹਾਸਕ ਸਕੀਮ ਨੂੰ ਲੁਕਵੇਂ ਢੰਗ ਨਾਲ ਬੰਦ ਕਰਨ ਦੀ ਇਕ ਡੂੰਘੀ ਸਾਜਿਸ਼ ਹੈ ਤੇ ਇਹ ਦੇਸ਼ ਦੇ ਕਰੋੜਾਂ ਗਰੀਬ ਪੇਂਡੂ ਪਰਿਵਾਰਾਂ ਦੀ ਰੋਜ਼ੀ-ਰੋਟੀ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ 125 ਦਿਨ ਕੰਮ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਸੀਮਿਤ ਹਨ, ਕਿਉਂਕਿ ਪਹਿਲਾਂ ਹੀ 100 ਦਿਨ ਦਾ ਕੰਮ ਪੂਰਾ ਨਹੀਂ ਮਿਲ ਰਿਹਾ ਸੀ ਤੇ ਹੁਣ ਕੇਂਦਰ ਵਲੋਂ ਸਿਰਫ 60 ਫੀਸਦੀ ਪੈਸਾ ਇਸ ਸਕੀਮ 'ਚ ਦਿੱਤਾ ਜਾਣਾ ਹੈ, ਜਦਕਿ ਪਹਿਲਾਂ ਹੀ ਵਿੱਤੀ ਤੌਰ 'ਤੇ ਕਮਜ਼ੋਰ ਹੋ ਚੁੱਕੇ ਸੂਬਿਆਂ ਨੂੰ 40 ਫੀਸਦੀ ਬਕਾਇਆ ਭਰਨ ਲਈ ਕਿਹਾ ਗਿਆ ਹੈ ਜੋ ਕਿ ਨਾਮੁਮਕਿਨ ਹੈ | ਕਾਂਗਰਸੀ ਨੇਤਾ ਨੇ ਕਿਹਾ ਕਿ ਦੇਸ਼ 'ਚ ਲਗਭਗ 9 ਕਰੋੜ ਮਨਰੇਗਾ ਮਜ਼ਦੂਰ ਅਤੇ ਪੰਜਾਬ 'ਚ ਕਰੀਬ 20 ਲੱਖ ਕਾਰਡ ਹੋਲਡਰ ਹਨ, ਜਿਨ੍ਹਾਂ 'ਚੋਂ ਵੱਡੀ ਗਿਣਤੀ ਬਹੁਤ ਗਰੀਬ ਪਰਿਵਾਰਾਂ ਦੀ ਹੈ, ਇਸ ਲਈ ਜੇ ਇਹ ਸਕੀਮ ਕਮਜ਼ੋਰ ਜਾਂ ਬੰਦ ਹੋ ਗਈ ਤਾਂ ਇਨ੍ਹਾਂ ਪਰਿਵਾਰਾਂ ਦੇ ਚੁੱਲੇ ਠੰਢੇ ਪੈ ਜਾਣਗੇ | ਰਾਣਾ ਕੇ. ਪੀ. ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਮਨਰੇਗਾ ਨੂੰ ਕਮਜ਼ੋਰ ਕਰਨ ਦੇ ਕਿਸੇ ਵੀ ਯਤਨ ਦਾ ਡਟ ਕੇ ਵਿਰੋਧ ਕਰੇਗੀ | ਇਸ ਮੌਕੇ ਕਮਲ ਕਿਸ਼ੋਰ ਸ਼ਰਮਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ, ਦੀਪਇੰਦਰ ਸਿੰਘ ਢਿੱਲੋਂ ਹਲਕਾ ਇੰਚਾਰਜ ਡੇਰਾਬੱਸੀ, ਅਮਰਜੀਤ ਸਿੰਘ ਸਿੱਧੂ ਮੇਅਰ ਮੁਹਾਲੀ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੁਹਾਲੀ, ਵਿਜੈ ਕੁਮਾਰ ਟਿੰਕੂ ਹਲਕਾ ਇੰਚਾਰਜ ਖਰੜ, ਸਵਰਨਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ ਜ਼ਿਲਾ ਮੁਹਾਲੀ, ਕਮਲਜੀਤ ਸਿੰਘ ਚਾਵਲਾ, ਦੀਪਕ ਕੌਸ਼ਲ ਬਲਾਕ ਕਾਂਗਰਸ ਪ੍ਰਧਾਨ ਸਿਟੀ ਖਰੜ, ਗੁਰਿੰਦਰ ਸਿੰਘ ਬਲਾਕ ਪ੍ਰਧਾਨ ਖਰੜ, ਦਿਨੇਸ਼ ਗੌਤਮ ਬਲਾਕ ਪ੍ਰਧਾਨ ਕੁਰਾਲੀ, ਹਰਸ਼ ਰਿਸ਼ੀ ਬਲਾਕ ਪ੍ਰਧਾਨ ਸਿਟੀ ਡੇਰਾਬੱਸੀ, ਨਿਰਮਲ ਸਿੰਘ ਬਲਾਕ ਪ੍ਰਧਾਨ ਡੇਰਾਬੱਸੀ, ਜਸਪ੍ਰੀਤ ਸਿੰਘ ਗਿੱਲ ਬਲਾਕ ਪ੍ਰਧਾਨ ਸਿਟੀ ਮੁਹਾਲੀ, ਪ੍ਰਦੀਪ ਸਿੰਘ ਬਲਾਕ ਪ੍ਰਧਾਨ ਮੁਹਾਲੀ, ਰਾਣੀ ਸ਼ਰਮਾ ਮਹਿਲਾ ਸਿਟੀ ਪ੍ਰਧਾਨ ਖਰੜ, ਸੋਨਾ ਸਿੰਘ ਬਲਾਕ ਪ੍ਰਧਾਨ ਮੁਹਾਲੀ, ਯਾਦਵਿੰਦਰ ਸਿੰਘ ਕੰਗ, ਬਿੰਨੀ ਕੰਗ, ਕਵਰਦੀਪ ਸਿੰਘ ਰੂਬੀ ਸਿੱਧੂ, ਰਜਿੰਦਰ ਸਿੰਘ ਧਰਮਗੜ੍ਹ ਤੇ ਰਣਜੀਤ ਸਿੰਘ ਜੀਤੀ ਆਦਿ ਸ਼ਾਮਿਲ ਸਨ |