ਅਜਨਾਲਾ, 6 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਸ ਵਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ 2 ਨੌਜਵਾਨਾਂ ਨੂੰ 50 ਗ੍ਰਾਮ ਹੈਰੋਇਨ, ਇੱਕ ਵਿਦੇਸ਼ੀ ਪਿਸਟਲ ਅਤੇ 2 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਅਤੇ ਐੱਸ.ਐੱਚ.ਓ. ਸਬ-ਇੰਸਪੈਕਟਰ ਹਰਚੰਦ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ ਵਿਚ ਜਦ ਪਿੰਡ ਉਗਰ ਔਲਖ ਪੁੱਜੀ ਤਾਂ ਸਾਹਮਣੇ ਸੁੂਏ ਉੱਪਰ ਬਣੀ ਹੋਈ ਪੁਲੀ ਦੇ ਨਜ਼ਦੀਕ 2 ਮੋਨੇ ਨੌਜਵਾਨ ਸਮੇਤ ਇਕ ਮੋਟਰ ਸਾਈਕਲ ਸਪਲੈਂਡਰ ਰੰਗ ਕਾਲਾ ਖੜ੍ਹੇ ਦਿਖਾਈ ਦਿੱਤੇ, ਜੋ ਨੌਜਵਾਨ ਮੋਟਰ ਸਾਈਕਲ ਦੇ ਨਜ਼ਦੀਕ ਖੜਾ ਸੀ ਉਹ ਆਪਣੀ ਪਹਿਨੀ ਹੋਈ ਕੈਪਰੀ ਦੀ ਸੱਜੀ ਜੇਬ ਵਿਚੋਂ ਆਪਣੇ ਸੱਜੇ ਹੱਥ ਨਾਲ ਇਕ ਮੋਮੀ ਲਿਫਾਫੇ ਨੂੰ ਕੱਢ ਕੇ ਸੁੱਟਣ ਲੱਗੇ ਨੂੰ ਅਤੇ ਮੋਟਰ ਸਾਈਕਲ ਤੇ ਬੈਠੇ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਨ੍ਹਾਂ ਵਿਚੋਂ ਇੱਕ ਨੌਜਵਾਨ ਕੋਲੋਂ 50 ਗ੍ਰਾਮ ਹੈਰੋਇਨ ਤੇ 2 ਲੱਖ ਰੁਪਏ ਡਰੱਗ ਮਨੀ ਅਤੇ ਦੂਸਰੇ ਨੌਜਵਾਨ ਦੀ ਤਲਾਸ਼ੀ ਕਰਨ ਤੇ ਉਸ ਦੀ ਪਹਿਨੀ ਹੋਈ ਕੈਪਰੀ ਦੀ ਡੱਬ ਵਿਚੋਂ ਇੱਕ ਵਿਦੇਸ਼ੀ ਪਿਸਟਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਹੋਇਆ | ਉਨ੍ਹਾਂ ਅੱਗੇ ਦੱਸਿਆ ਕਿ ਹੈਰੋਇਨ, ਡਰੱਗ ਮਨੀ ਅਤੇ ਵਿਦੇਸ਼ੀ ਪਿਸਟਲ ਸਮੇਤ ਕਾਬੂ ਨੌਜਵਾਨ ਦੀ ਪਹਿਚਾਣ ਯੋਧਬੀਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਰਣੀਕੇ ਅਤੇ ਅਰਸ਼ਦੀਪ ਮਸੀਹ ਉਰਫ ਸ਼ੁਭਮ ਵਾਸੀ ਪਿੰਡ ਕੱਕਾ ਕੰਡਿਆਲਾ ਵਜੋਂ ਹੋਈ ਹੈ, ਜਿੰਨ੍ਹਾਂ ਖਿਲਾਫ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |