ਸਠਿਆਲਾ, 3 ਨਵੰਬਰ (ਜਗੀਰ ਸਿੰਘ ਸਫਰੀ)-ਸ਼ਹੀਦ ਤਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧੇ ਨੂੰ ਮੁਕੰਮਲ ਤੌਰ 'ਤੇ ਅੱਪਗ੍ਰੇਡ ਸ਼੍ਰੇਣੀ ਕੀਤਾ ਜਾਵੇ | ਇਸ ਬਾਰੇ ਲੋਕ ਭਲਾਈ ਸੰਸਥਾ ਦੇ ਸੁਪਰੀਮੋ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਮਿਤੀ 15/03/2024 ਨੂੰ ਵਿਭਾਗ ਪੱਤਰ ਜਾਰੀ ਕਰਕੇ ਇਸ ਨੂੰ 12ਵੀਂ ਤੱਕ ਮਾਨਤਾ ਦੇਣ ਦੀ ਪੁਸ਼ਟੀ ਜਰੂਰ ਕਰ ਚੁੱਕਾ ਹੈ, ਪਰ ਅਜੇ ਤੱਕ ਅੱਪਗ੍ਰੇਡ ਹੋਏ ਸਕੂਲ ਨੂੰ ਨਾ ਹੀ ਟੀਚਿੰਗ ਸਟਾਫ, ਨਾ ਹੀ ਕਲੈਰੀਕਲ ਸਟਾਫ, ਨਾ ਹੀ ਦਰਜਾ ਚਾਰ ਅਤੇ ਨਾ ਹੀ ਸਾਜੋ ਸਾਮਾਨ ਮੁਹੱਈਆ ਕਰਵਾ ਸਕਿਆ ਹੈ | ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਪਿਛਲੇ ਮਹੀਨੇ ਸਿੱਖਿਆ ਮੰਤਰੀ ਪੰਜਾਬ ਜੋਧੇ ਪਿੰਡ ਦੇ ਸਕੂਲ ਦਾ ਦੌਰਾ ਕਰਕੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਸਕੂਲ 'ਚ ਕਲਾਸਾਂ ਸ਼ੁਰੂ ਹੋਣ ਅਤੇ ਇਸ ਚਾਲੂ ਵਰ੍ਹੇ 'ਚ ਕੋਈ ਬੱਚਾ ਇਸ ਸਕੂਲ 'ਚ ਦਾਖਲ ਨਾ ਹੋਣ ਦਾ ਕੋਈ ਨੋਟਿਸ ਨਹੀਂ ਲਿਆ, ਜਿਸ ਨੂੰ ਸਿੱਖਿਆ ਵਿਭਾਗ ਨੇ ਵੀ ਹੌਲੇ ਤਰੀਕੇ ਨਾਲ ਲੈਂਦਿਆਂ ਸਕੂਲ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਹੈ | ਉਨ੍ਹਾਂ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਾਡੀ ਗ੍ਰਾਮ ਪੰਚਾਇਤ ਪਿੰਡ ਜੋਧੇ ਦੇ ਮੌਜੂਦਾ ਸਰਪੰਚ ਦਲਜੀਤ ਸਿੰਘ ਸ਼ਾਹ ਅਤੇ ਸਮੂਹ ਪੰਚਾਂ ਨੇ ਮੇਰੇ ਵਲੋਂ ਲਿਖੇ ਪੱਤਰ ਦਾ ਸਮਰਥਨ ਕਰਦਿਆਂ ਪ੍ਰਸਤਾਵਿਤ ਮਤੇ ਦੀ ਕਾਪੀ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਇਸ ਸ਼ਹੀਦ ਤਜਿੰਦਰ ਸਿੰਘ ਸਰਕਾਰੀ ਸੀਨੀਅਰ ਸਕੂਲ ਜੋਧੇ ਨੂੰ ਨਵੇਂ ਹੋਣ ਵਾਲੇ ਦਾਖਲਿਆਂ ਦੇ ਵਿਦਿਅਕ ਸੈਸ਼ਨ 'ਚ ਦਾਖਲੇ ਕਰਨ ਲਈ ਤਿਆਰ ਕਰਨ ਲਈ ਹਰ ਸ਼੍ਰੇਣੀ ਦਾ ਸਟਾਫ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤਾ ਜਾਵੇ |