ਅਮਲੋਹ, 31 ਮਈ (ਕੇਵਲ ਸਿੰਘ)-ਨਜ਼ਦੀਕੀ ਪਿੰਡ ਟਿੱਬੀ ਵਿਖੇ ਕਈ ਦਿਨ ਪਹਿਲਾਂ ਰਾਤ ਸਮੇਂ ਇਕ ਟੈਂਟ ਦੀ ਦੁਕਾਨ ਵਿਚ ਅੱਗ ਲੱਗ ਗਈ ਸੀ ਜਿਸ ਦੌਰਾਨ ਲੱਖਾਂ ਰੁਪਏ ਦਾ ਟੈਂਟ ਦਾ ਸਾਮਾਨ ਅੱਗ ਦੀ ਲਪੇਟ ਵਿਚ ਆ ਜਾਣ ਕਰਕੇ ਰੇਸ਼ਮ ਸਿੰਘ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ ਅਤੇ ਮਦਦ ਦੀ ਅਪੀਲ ਕੀਤੀ ਗਈ ਸੀ | ਜਿਸ 'ਤੇ ਐਨ.ਆਰ.ਆਈ. ਅਜਾਦ ਸਿੰਘ ਯੂ.ਐਸ.ਏ. ਵਲੋਂ ਰੇਸ਼ਮ ਸਿੰਘ ਰੁੜਕੀ ਨੂੰ 20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਗਈ ਹੈ ਅਤੇ ਇਹ ਰਾਸ਼ੀ ਨਜ਼ਦੀਕੀਆਂ ਵਲੋਂ ਰੇਸ਼ਮ ਸਿੰਘ ਨੂੰ ਸੌਂਪੀ ਗਈ | ਇਸ ਮੌਕੇ ਪਿੰਡ ਟਿੱਬੀ ਦੇ ਵਸਨੀਕਾਂ ਨੇ ਹੋਰਨਾਂ ਸਮਰੱਥ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਰੇਸ਼ਮ ਸਿੰਘ ਦੀ ਮਦਦ ਜ਼ਰੂਰ ਕੀਤੀ ਜਾਵੇ | ਇਸ ਮੌਕੇ ਰੇਸ਼ਮ ਸਿੰਘ ਵਲੋਂ ਐਨ.ਆਰ.ਆਈ. ਅਜਾਦ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਉਥੇ ਹੀ ਕਿਹਾ ਕਿ ਮੇਰਾ ਰੋਜ਼ੀ ਰੋਟੀ ਦਾ ਸਹਾਰਾ ਟੈਂਟ ਦੀ ਦੁਕਾਨ ਸੀ ਅਤੇ ਕਰਜ਼ਾ ਚੁੱਕ ਕੇ ਟੈਂਟ ਦਾ ਸਾਮਾਨ ਖ਼ਰੀਦਿਆ ਸੀ ਅਤੇ ਹਾਲੇ ਤੱਕ ਕਰਜ਼ਾ ਵੀ ਨਹੀਂ ਉਤਰਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਰਜਿੰਦਰ ਸਿੰਘ ਟਿੱਬੀ, ਜਸਪਾਲ ਸਿੰਘ, ਬਲਜਿੰਦਰ ਸਿੰਘ ਨੰਬਰਦਾਰ, ਬਿੱਟੂ ਸ਼ਾਹੀ, ਕਪੂਰ ਸਿੰਘ, ਮਾ. ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਕਰਮ ਸਿੰਘ ਮੌਜੂਦ ਸਨ |