ਪਟਿਆਲਾ, 2 ਜੂਨ (ਧਰਮਿੰਦਰ ਸਿੰਘ ਸਿੱਧੂ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼, ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ 'ਤੇ ਜੇ. ਈਜ਼ ਕੌਂਸਲ ਦੇ ਜ਼ੋਨਲ ਤੇ ਸਰਕਲ ਯੂਨਿਟਾਂ ਵਲੋਂ ਪਾਵਰਕਾਮ 'ਚ ਮੁਲਾਜ਼ਮਾਂ ਦੀ ਘਾਟ ਨੂੰ ਉਜਾਗਰ ਕਰਨ ਹਿੱਤ ਤੇ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਹੋਰ ਮੰਗਾਂ ਦੇ ਨਿਪਟਾਰੇ ਵਿਚ ਹੋ ਰਹੀ ਦੇਰੀ ਸੰਬੰਧੀ ਮੰਗ-ਪੱਤਰ ਪੀ. ਐਸ. ਪੀ. ਸੀ. ਐਲ. ਦੇ ਸਮੂਹ ਜ਼ੋਨਲ ਤੇ ਸਰਕਲ ਅਧਿਕਾਰੀਆਂ ਨੂੰ ਸੌਂਪੇ ਗਏ | ਇਸ ਦੌਰਾਨ ਇੰਜ. ਦਵਿੰਦਰ ਸਿੰਘ ਸਰਪ੍ਰਸਤ, ਇੰਜ. ਪਰਮਜੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਅਤੇ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਵਲੋਂ ਠੇਕੇਦਾਰੀ ਸਿਸਟਮ ਰਾਹੀਂ ਜੋ ਆਰਜ਼ੀ ਤੌਰ 'ਤੇ ਫ਼ੀਲਡ ਅੰਦਰ ਤਕਨੀਕੀ ਸਟਾਫ਼ ਮੁਹੱਈਆ ਕਰਨ ਦਾ ਅਸਫਲ ਤਜਰਬਾ ਕੀਤਾ ਗਿਆ ਹੈ ਉਸ ਨਾਲ ਵੱਡੇ ਪੱਧਰ 'ਤੇ ਮੁਲਾਜ਼ਮਾਂ ਦੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ | ਦੂਜੇ ਪਾਸੇ ਸੀ. ਐਚ. ਬੀ. ਮਾਡਲ ਰਾਹੀਂ ਕੰਮ ਕਰ ਰਹੇ ਕਾਮਿਆਂ ਵਲੋਂ ਆਪਣੀਆਂ ਨੌਕਰੀਆਂ ਪ੍ਰਤੀ ਅਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਵਾਰ-ਵਾਰ ਹੜਤਾਲ 'ਤੇ ਜਾਣ ਕਾਰਣ ਜਿੱਥੇ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ 24 ਘੰਟੇ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕੌਂਸਲ ਲੀਡਰਸ਼ਿਪ ਨੇ ਅੱਗੇ ਦੱਸਿਆ ਕਿ ਜੂਨੀਅਰ ਇੰਜੀਨੀਅਰਜ਼ ਕੇਡਰ ਦੀਆਂ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਹੱਲ ਕਰਨ ਲਈ ਪਾਵਰਕਾਮ ਮੈਨੇਜਮੈਂਟ ਵਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ | ਪਾਵਰਕਾਮ ਮੈਨੇਜਮੈਂਟ ਨਾਲ ਹੋਈ ਮੀਟਿੰਗ ਵਿਚ ਜੂਨੀਅਰ ਇੰਜੀਨੀਅਰਜ਼ ਕੇਡਰ ਦੇ ਕਈ ਅਹਿਮ ਮੁੱਦਿਆਂ ਮੀਟਿੰਗ ਵਿਚ ਲਏ ਫ਼ੈਸਲਿਆਂ ਨੂੰ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਨ੍ਹਾਂ ਮੰਗਾਂ ਦਾ ਨਿਪਟਾਰਾ ਅਜੇ ਵੀ ਲਮਕਾ ਅਵਸਥਾ ਵਿਚ ਹੈ | ਜੇ. ਈਜ਼ ਕੌਂਸਲ ਦੀ ਲੀਡਰਸ਼ਿਪ ਨੇ ਅੱਗੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਦੁਆਰਾ ਪਾਵਰ ਜੂਨੀਅਰ ਇੰਜੀਨੀਅਰਜ਼ ਦੀਆਂ ਪੈਂਡਿੰਗ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਪਾਵਰ ਜੂਨੀਅਰ ਇੰਜੀਨੀਅਰਜ਼ ਜਲਦ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ |