ਪਟਿਆਲਾ, 1 ਸਤੰਬਰ- ਅਕਸਰ ਹੀ ਮਾਨਸੂਨ ਸੀਜ਼ਨ ਵਿਚ ਘੱਗਰ ਦੇ ਪਾਣੀ ਨਾਲ ਲੰਮੇ ਸਮੇਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਹਲਕਾ ਸਨੌਰ, ਘਨੌਰ, ਡਕਾਲਾ ਤੇ ਸਮਾਣਾ ਦੇ ਲੋਕਾਂ ਦੀ ਹਾਲਾਤ ਭਾਵੇਂ ਇਸ ਵਾਰ ਪੰਜਾਬ ਦੇ ਡੁੱਬੇ ਵੱਡੇ ਖੇਤਰ ਦੇ ਬਾਵਜੂਦ ਕਾਬੂ ਵਿਚ ਲੱਗ ਰਹੇ ਸਨ ਪਰ ਹੁਣ ਲਗਾਤਾਰ ਪਹਾੜਾਂ 'ਚ ਮੁੜ ਹੋ ਰਹੀ ਭਾਰੀ ਬਾਰਸ਼ ਤੇ ਪਹਿਲਾਂ ਹੀ ਨੱਕੋ-ਨੱਕ ਭਰੇ ਘੱਗਰ ਵਿਚ ਪਾਣੀ ਦੇ ਪੱਧਰ ਦੀ ਵਧਦੀ ਘਟਦੀ ਮਿਣਤੀ ਦਾ ਲੋਕਾਂ ਵਿਚ ਲਗਾਤਾਰ ਸਹਿਮ ਬਣਿਆ ਹੋਇਆ ਹੈ | ਇਸ ਦੇ ਨਾਲ ਹੀ ਹਰਿਆਣਾ ਦੀ ਹੱਦ ਦੇ ਨਾਲ ਲੱਗਦੇ ਪਿੰਡ ਧਰਮਹੇੜੀ ਨੇੜੇ ਹਾਂਸੀ ਬੁਟਾਣਾ ਨਹਿਰ ਹੇਠੋਂ ਲੰਘਦੇ ਘੱਗਰ ਦਰਿਆ ਦੇ ਭੀੜੇ ਸਾਇਫਨਾਂ ਵਿਚ ਫਸੀ ਗਾਰ ਤੇ ਬੂਟੀ ਨਾਲ ਲਗ ਰਹੀ ਡਾਫ ਨਾਲ ਘੱਗਰ ਦਾ ਵਧਦਾ ਪੱਧਰ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਰਿਹਾ ਹੈ | ਘੱਗਰ ਦਾ ਪੱਧਰ ਭਾਵੇਂ ਬਹੁਤ ਗੰਭੀਰ ਨਹੀਂ ਪਰ ਮੀਰਾਂਪੁਰ ਚੋਅ ਸਫ਼ਾਈ ਨਾ ਹੋਣ ਕਾਰਨ ਭਰ ਗਿਆ ਹੈ ਜਿਸ ਕਾਰਨ ਇਸ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਨਾਲ ਲੱਗਦੀਆਂ ਫ਼ਸਲਾਂ ਡੁੱਬਣ ਲੱਗੀਆਂ ਹਨ | ਹਰਿਆਣਾ ਪੰਜਾਬ ਦੀ ਹੱਦ 'ਤੇ ਪਿੰਡ ਧਰਮਹੇੜੀ ਦੇ ਪੁਲ 'ਤੇ ਘੱਗਰ ਵਿਚ ਪਾਣੀ ਦੇ ਪੱਧਰ ਦੀ ਰਿਪੋਰਟ ਸ਼ਾਮ ਤੱਕ ਸੁਖਾਵੀਂ ਹੀ ਨਜ਼ਰ ਆਈ ਹੈ | ਬੀਤੀ ਰਾਤ 12 ਵਜੇ ਘੱਗਰ ਦਰਿਆ ਦਾ ਜੋ ਪੱਧਰ 21.5 ਫੁੱਟ ਸੀ | ਉਹ ਅੱਜ ਸਵੇਰੇ 5.30 ਵਜੇ ਘਟ ਕੇ 21 ਫੁੱਟ ਹੋ ਗਿਆ ਸੀ ਇਸ ਪਾਣੀ ਦੇ ਘਟੇ ਪੱਧਰ ਕਾਰਨ ਭਾਵੇਂ ਲੋਕਾਂ ਦੇ ਮਨਾਂ ਵਿਚ ਕੁਝ ਰਾਹਤ ਜ਼ਰੂਰ ਹੈ ਪਰ ਲਗਾਤਾਰ ਹੋ ਰਹੀ ਬਾਰਸ਼ ਕਾਰਨ ਇਸ ਪੱਧਰ ਦੇ ਵਧਣ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ | ਉਝ ਇੱਥੇ 24 ਫੁੱਟ 'ਤੇ ਜਾ ਕੇ ਘੱਗਰ ਦੀ ਮਾਰ ਖ਼ਤਰਨਾਕ ਸਾਬਤ ਹੁੰਦੀ ਹੈ | ਇਸ ਘੱਗਰ ਵਿਚ ਟਾਂਗਰੀ ਅਤੇ ਮਾਰਕੰਡੇ ਦਾ ਪਾਣੀ ਜੋ ਗੰਭੀਰ ਸਥਿਤੀ ਵਿਚ ਵਗ ਰਿਹਾ ਹੈ ਉਹ ਵੀ ਘੱਗਰ ਦੇ ਪਾਣੀ ਨੂੰ ਹੋਰ ਵਧਾ ਸਕਦਾ ਹੈ | ਭਾਵੇਂ ਅੱਜ ਘੱਗਰ ਦਾ ਪੱਧਰ ਨਿਯੰਤਰਨ ਵਿਚ ਮੰਨਿਆ ਜਾ ਰਿਹਾ ਹੈ ਪਰ ਅੱਗੇ ਹਾਂਸੀ ਬੁਟਾਣਾ ਨਹਿਰ ਹੇਠੋਂ ਕੱਢੇ ਗਏ ਘੱਗਰ ਸਾਈਫ਼ਨ ਬਹੁਤ ਸੌੜੇ ਤੇ ਤਕਨੀਕੀ ਤੌਰ 'ਤੇ ਸਹੀ ਨਾ ਹੋਣ ਕਾਰਨ ਇੱਥੇ ਮਿੱਟੀ ਗਾਰੇ ਦੀ ਗਾਬ ਭਰਨ ਕਾਰਨ ਪਾਣੀ ਨੂੰ ਲੱਗ ਰਹੀ ਡਾਫ ਇਸ ਦੇ ਪੱਧਰ ਨੂੰ ਵਧਾਉਣ ਵਿਚ ਖ਼ਤਰਨਾਕ ਸਾਬਤ ਹੋ ਸਕਦੀ ਹੈ | ਇਨ੍ਹਾਂ ਸਾਈਫਨਾਂ ਦੀ ਉਚਾਈ ਅਤੇ ਪੱਧਰ ਘੱਗਰ ਨਾਲ ਅਜਿਹਾ ਮੇਲ ਬਣਾਉਂਦਾ ਹੈ ਕਿ ਘੱਗਰ ਵਿਚ ਆਏ ਪਹਿਲੇ ਹੜ੍ਹ ਹੀ ਇਹ ਸਾਈਫ਼ਨ ਮਿੱਟੀ ਨਾਲ ਭਰ ਜਾਂਦੇ ਹਨ | ਇਸ ਤੋਂ ਬਾਅਦ ਜਿਨ੍ਹਾਂ ਕੁ ਤੰਗ ਜਗਾ ਬਚਦੀ ਹੈ ਉਸ ਜਗਾ ਵਿਚ ਹੁਣ ਟੁੱਟੇ ਦਰਖਤ ਤੇ ਬੂਟੀ ਫਸ ਗਈ ਹੈ | ਇਸ ਨਾਲ ਪਾਣੀ ਦੀ ਨਿਕਾਸੀ ਲਈ ਹੋਰ ਵੀ ਰਾਹ ਸੌੜਾ ਹੋ ਗਿਆ ਹੈ ਜਿਸ ਦੀ ਡਾਫ ਨਾਲ ਪਾਣੀ ਪਿੱਛੇ ਨੂੰ ਧੱਕ ਮਾਰ ਰਿਹਾ ਹੈ ਜਿਸ ਕਾਰਨ ਪਿਛਲੇ ਪਿੰਡਾਂ 'ਚ ਪਾਣੀ ਦਾ ਪੱਧਰ ਇੱਥੇ ਵਧ ਰਿਹਾ ਹੈ | ਪਿੰਡਾਂ ਦੇ ਲੋਕ ਹੜ੍ਹਾਂ ਸਹਿਮ ਨਾਲ ਦੁਚਿੱਤੀ ਵਿਚ ਫਸੇ ਫਿਲਹਾਲ ਘਰਾਂ 'ਚ ਹੀ ਬੈਠੇ ਹਨ ਪਰ ਹੜ੍ਹ ਦੀ ਸੂਰਤ ਵਿਚ ਆਰਜ਼ੀ ਪ੍ਰਬੰਧਾਂ ਦੀ ਤਿਆਰੀ ਜ਼ਰੂਰ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ |