ਸਨੌਰ, 4 ਸਤੰਬਰ (ਸੋਖਲ)-ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਕੇਵਲ ਫ਼ਰਜ਼ ਹੀ ਨਹੀਂ, ਸਗੋਂ ਆਉਣ ਵਾਲੀ ਪੀੜ੍ਹੀ ਲਈ ਪੇ੍ਰਰਨਾ ਦਾ ਸਰੋਤ ਵੀ ਹੈ | ਇਸੀ ਜਜ਼ਬੇ ਨੂੰ ਜੀਂਦਾ ਰੱਖਦਿਆਂ ਸਨੌਰ ਦੇ ਪਿੰਡ ਹਡਾਣਾ ਵਿੱਚ ਸ਼ਹੀਦ ਮਲਕੀਤ ਸਿੰਘ ਹਡਾਣਾ ਦੀ 25ਵੀਂ ਬਰਸੀ 13 ਸਤੰਬਰ ਨੂੰ ਵੱਡੇ ਸਤਿਕਾਰ ਅਤੇ ਸਮਾਜਿਕ ਸੇਵਾ ਦੇ ਕਾਰਜਾਂ ਨਾਲ ਮਨਾਈ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ ਬਰਸੀ ਮੌਕੇ ਖ਼ੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਜਾਵੇਗਾ | ਇਨ੍ਹਾਂ ਸਮਾਜਿਕ ਸੇਵਾਵਾਂ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸੰਬੰਧੀ ਸੁਵਿਧਾਵਾਂ ਦਾ ਲਾਭ ਮਿਲੇਗਾ | ਇਸ ਤੋਂ ਇਲਾਵਾ, ਸੰਗਤ ਲਈ ਲੰਗਰ ਦਾ ਅਟੁੱਟ ਪ੍ਰਬੰਧ ਵੀ ਕੀਤਾ ਗਿਆ ਹੈ | ਇਸ ਮੌਕੇ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਭੱਟੀਆਂ ਨੇ ਕਿਹਾ ਕਿ ਸ਼ਹੀਦ ਮਲਕੀਤ ਸਿੰਘ ਦੀ ਕੁਰਬਾਨੀ ਸਿਰਫ਼ ਪਿੰਡ ਹੀ ਨਹੀਂ, ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਹਰ ਸਾਲ ਇਸ ਬਰਸੀ 'ਤੇ ਸਮਾਜਿਕ ਕਾਰਜ ਕਰਵਾ ਕੇ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਦੇ ਬਲੀਦਾਨ ਦੀ ਮਹੱਤਤਾ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ, ਜਿਸ ਨੇ ਹਮੇਸ਼ਾ ਦੇਸ਼ ਦੀ ਰੱਖਿਆ ਅਤੇ ਲੋਕਾਂ ਦੀ ਭਲਾਈ ਲਈ ਅਣਗਿਣਤ ਬਲੀਦਾਨ ਦਿੱਤੇ ਹਨ | ਉਨ੍ਹਾਂ ਕਿਹਾ ਕਿ ਸ਼ਹੀਦ ਮਲਕੀਤ ਸਿੰਘ ਵਰਗੇ ਜਵਾਨਾਂ ਦੀ ਕੁਰਬਾਨੀ ਕਰਕੇ ਹੀ ਅਸੀਂ ਅੱਜ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਾਂ | ਭੱਟੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਰਸੀ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਕੇ ਸ਼ਹੀਦ ਪ੍ਰਤੀ ਸਤਿਕਾਰ ਪ੍ਰਗਟ ਕਰਨ | ਉਨ੍ਹਾਂ ਕਿਹਾ ਕਿ ਸਮਾਗਮ ਨੂੰ ਸਫਲ ਬਣਾਉਣ ਲਈ ਪਿੰਡ ਦੇ ਯੁਵਕ ਅਤੇ ਭਾਈਚਾਰਾ ਬੜੀ ਤਨਦੇਹੀ ਨਾਲ ਤਿਆਰੀਆਂ ਕਰ ਰਹੇ ਹਨ | ਓਹਨਾ ਕਿਹਾ ਕਿ ਸਥਾਨਕ ਸਮਾਜ ਸੇਵੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਸਿਰਫ਼ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹਨ, ਸਗੋਂ ਲੋਕਾਂ ਨੂੰ ਏਕਤਾ, ਭਾਈਚਾਰੇ ਅਤੇ ਸੇਵਾ ਦੀ ਮਹੱਤਤਾ ਨਾਲ ਵੀ ਜੋੜਦੇ ਹਨ | ਇਸ ਮੌਕੇ ਮਨਿੰਦਰ ਸਿੰਘ ਹੰਢਾਣਾ, ਲਖਵੀਰ ਸਿੰਘ ਸਲੌਟ, ਮਹਿਮਾ ਸਿੰਘ ਬਾਲੀਆਂ, ਜਗਤਾਰ ਸਿੰਘ ਚਿੰੜਵੀ, ਗੁਰਮੀਤ ਬਾਵਾ ਤੇ ਹੋਰ ਮੌਜੂਦ ਸਨ |