ਨਾਭਾ, 5 ਸਤੰਬਰ (ਕਰਮਜੀਤ ਸਿੰਘ)-ਭਾਕਿਯੂ ਰਾਜੇਵਾਲ ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਵਿਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋਮਾਜਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਇਕ ਮਤੇ ਰਾਹੀਂ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਵਲੋਂ ਕਿਸਾਨਾਂ ਦੇ ਖ਼ਿਲਾਫ਼ ਜੋ ਜ਼ਹਿਰ ਉਗਲੀ ਗਈ ਹੈ ਉਸ ਦੀ ਨਿੰਦਾ ਕੀਤੀ ਗਈ ਅਤੇ ਕਿਹਾ ਗਿਆ ਕਿ ਵਿਧਾਇਕ ਇੰਦਰਜੀਤ ਕੌਰ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ | ਇਕ ਹੋਰ ਮਤੇ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਤਬਾਹ ਹੋ ਚੁੱਕੀਆਂ ਫ਼ਸਲਾਂ ਦਾ ਘੱਟੋ-ਘੱਟ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਅਤੇ ਹੋਰ ਜਾਨੀ ਮਾਲੀ ਨੁਕਸਾਨ ਦਾ ਮੁਆਇਨਾ ਕਰਕੇ ਬਣਦਾ ਮੁਆਵਜ਼ਾ ਤੁਰੰਤ ਸਾਰੇ ਹੜ੍ਹ ਪੀੜਤਾਂ ਨੂੰ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਹੈ ਦਿੱਤਾ ਜਾਵੇ | ਬਲਾਕ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਡਿਊਟੀ ਲਗਾਈ ਗਈ | ਵਰਕਰਾਂ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਭਰਾਵਾਂ ਦੀ ਹਰ ਸੰਭਵ ਮਦਦ ਕਰਨਗੇ ਅਤੇ ਇਸ ਆਫ਼ਤ ਦੇ ਵਿਚ ਹਮੇਸ਼ਾ ਆਪਣੇ ਭਾਈਚਾਰੇ ਨਾਲ ਖੜ੍ਹਨਗੇ | ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਨੇਕ ਸਿੰਘ ਖੋਖ, ਓਾਕਾਰ ਸਿੰਘ ਅਗੋਲ, ਘੁੰਮਣ ਸਿੰਘ ਰਾਜਗੜ੍ਹ, ਹਰਦੀਪ ਸਿੰਘ ਘਨੁੜਕੀ, ਅਵਤਾਰ ਸਿੰਘ ਕੈਦੂਪੁਰ, ਲਾਭ ਸਿੰਘ ਦਿੱਤੂਪੁਰ, ਜਗਜੀਤ ਸਿੰਘ ਮੋਹਲਗੁਆਰਾ, ਗੁਰਮੇਲ ਸਿੰਘ ਪੂਣੀਵਾਲ, ਹਰਿੰਦਰਜੀਤ ਸਿੰਘ ਲੁਬਾਣਾ, ਚਰਨਜੀਤ ਸਿੰਘ ਦੰਦਰਾਲਾ ਢੀਂਡਸਾ ਅਤੇ ਇੰਦਰਜੀਤ ਸਿੰਘ ਸਹੌਲੀ ਤੋਂ ਇਲਾਵਾ ਦਫ਼ੇਦਾਰ ਹਰਜਿੰਦਰ ਸਿੰਘ ਖਹਿਰਾ ਦੇ ਨਾਮ ਜ਼ਿਕਰਯੋਗ ਹਨ | ਇਲਾਕੇ ਦੇ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਮੀਟਿੰਗ ਦੇ ਵਿਚ ਪਹੁੰਚੇ |