ਦੇਵੀਗੜ੍ਹ, 6 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਐਹਿਰੂ 'ਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਹੜ੍ਹ ਪ੍ਰਭਾਵਿਤ ਖੇਤਰ 'ਚ ਮੋਬਾਈਲ ਨਾਲ ਫੋਟੋ ਖਿੱਚਣ ਗਏ ਬੱਚਿਆਂ ਵਿੱਚੋਂ ਇਕ 12 ਸਾਲਾ ਲੜਕਾ ਮਨਵੀਰ ਪੁੱਤਰ ਦਸਰਤ ਉਰਫ ਭੋਲਾ ਪਾਣੀ 'ਚ ਰੁੜ ਗਿਆ ਅਤੇ ਉਸ ਦੀ ਮੌਤ ਹੋ ਗਈ | ਇਹ ਘਟਨਾ ਅੱਜ ਉਸ ਸਮੇਂ ਵਾਪਰੀ, ਜਦੋਂ ਪਿੰਡ ਦੇ ਕੁਝ ਬੱਚੇ ਹੜ੍ਹ ਦੇ ਪਾਣੀ ਨਾਲ ਭਰਪੂਰ ਖੇਤਰ ਵਿਚ ਮੌਜ ਮਸਤੀ ਕਰਦੇ ਹੋਏ ਤਸਵੀਰਾਂ ਲੈ ਰਹੇ ਸਨ | ਇਸ ਦੌਰਾਨ ਮਨਵੀਰ ਬੱਚਾ, ਜੋ ਪਾਣੀ ਦੇ ਬਿਲਕੁਲ ਨੇੜੇ ਖੜਾ ਸੀ, ਪੈਰ ਫਿਸਲਣ ਕਾਰਨ ਹੜ੍ਹ ਦੇ ਤੇਜ਼ ਪਾਣੀ ਵਿਚ ਰੁੜ ਗਿਆ | ਸਥਾਨਕ ਲੋਕਾਂ ਵਲੋਂ ਤੁਰੰਤ ਬਚਾਅ ਦੀ ਕੋਸ਼ਿਸ਼ ਕੀਤੀ ਗਈ ਪਰ ਮਨਵੀਰ ਨੂੰ ਬਚਾਇਆ ਨਾ ਜਾ ਸਕਿਆ | ਮੌਕੇ 'ਤੇ ਐਸ.ਡੀ.ਐਮ. ਕਿਰਪਾਲ ਵੀਰ ਸਿੰਘ, ਥਾਣਾ ਮੁਖੀ ਇੰਸਪੈਕਟਰ ਵਿਜੈ ਪਾਲ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਪਹੁੰਚ ਗਈਆਂ | ਐਨ.ਡੀ.ਆਰ.ਐਫ. ਦੀ ਟੀਮ ਨੇ ਲੜਕੇ ਦੀ ਲਾਸ਼ ਬਰਾਮਦ ਕਰ ਲਈ | ਇਸ ਮੌਕੇ ਐਸ.ਡੀ.ਐਮ. ਕਿਰਪਾਲ ਵੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਅਤੇ ਖਾਸ ਕਰਕੇ ਬੱਚਿਆਂ ਨੂੰ ਖਤਰਨਾਕ ਇਲਾਕਿਆਂ 'ਚ ਨਾ ਜਾਣ ਦੇਣ |