ਨਾਭਾ, 6 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪਿੰਡ ਬਿਨਾਹੇੜੀ ਵਿਖੇ ਗ੍ਰਾਮ ਪੰਚਾਇਤ ਬਿਨਾਹੇੜੀ ਦੇ ਸਹਿਯੋਗ ਨਾਲ ਆਈਡੀਪੀ ਵਲੋਂ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਦੋ ਦਰਜਨ ਦੇ ਕਰੀਬ ਪਿੰਡਾਂ ਤੋਂ ਪੰਚ ਸਰਪੰਚ ਪਹੁੰਚੇ | ਸੈਮੀਨਾਰ ਵਿਚ ਸ਼ਾਮਲਾਟ ਜ਼ਮੀਨਾਂ ਨੂੰ ਬਚਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪਹੁੰਚੇ ਸਰਪੰਚਾਂ ਨੇ ਰੋਜ਼ਾਨਾ ਕਾਰਵਿਹਾਰ 'ਚ ਆ ਰਹੀਆਂ ਪ੍ਰੇਸ਼ਾਨੀਆਂ ਵੀ ਸਾਂਝੀਆਂ ਕੀਤੀਆਂ | ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਪਿੰਡ ਗ੍ਰਾਮ ਸਭਾ ਦੇ ਮਤੇ ਪਾਏ ਜਾਣ ਜਿਸ 'ਚ ਪਿੰਡ ਦੀ 80 ਫ਼ੀਸਦੀ ਆਬਾਦੀ ਦੀ ਮਨਜ਼ੂਰੀ ਤੋਂ ਬਿਨਾਂ ਸ਼ਾਮਲਾਟ ਕਿਸੇ ਹੋਰ ਦੇ ਹਵਾਲੇ ਨਾ ਕੀਤੀ ਜਾ ਸਕੇ | ਸਰਪੰਚਾਂ ਨੂੰ ਆਪ ਗ੍ਰਾਮ ਸਭਾਵਾਂ ਬੁਲਾ ਕੇ ਇਹ ਅਧਿਕਾਰ ਪਿੰਡਾਂ ਨੂੰ ਦੇ ਦੇਣਾ ਚਾਹੀਦਾ ਹੈ ਜਾਂ ਪਿੰਡ ਵਾਸੀ ਆਪ ਗ੍ਰਾਮ ਸਭਾ ਬੁਲਾਕੇ ਇਹ ਮਤੇ ਪਾਉਣ | ਇਸੇ ਤਰ੍ਹਾਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਮਹੀਨਿਆਂ ਬੱਧੀ ਲੇਟ ਕਰਕੇ ਸਰਕਾਰ ਅਫ਼ਸਰੀ ਕੰਟਰੋਲ ਹੇਠ ਕੰਮ ਚਲਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ 5 ਅਕਤੂਬਰ ਤੱਕ ਗੁਪ-ਚੁਪ ਤਰੀਕੇ ਨਾਲ ਚੋਣਾਂ ਕਰਵਾਉਣ ਜਾ ਰਹੀ ਹੈ | ਇਸ ਮੌਕੇ ਹੜ੍ਹ ਦੀ ਮਾਰ ਹੇਠ ਇਲਾਕਿਆਂ ਅਤੇ ਸਰਕਾਰ ਦੀ ਭੂਮਿਕਾ ਬਾਰੇ ਵੀ ਚਰਚਾ ਹੋਈ | ਇਸ ਦੇ ਨਾਲ ਹੀ ਸੂਬੇ ਵਿਚ ਚਰਚਿਤ ਟਰਾਲੀ ਚੋਰੀ ਮਾਮਲੇ ਵਿਚ ਸਰਕਾਰ ਦੇ ਨਾਲ-ਨਾਲ ਕਿਸਾਨ ਯੂਨੀਅਨ ਦੀ ਕਾਰਗੁਜ਼ਾਰੀ ਉੱਪਰ ਵੀ ਚਰਚਾ ਕੀਤੀ ਗਈ | ਹੈਰਾਨੀਜਨਕ ਰਿਹਾ ਕਿ ਕਈ ਸਰਪੰਚਾਂ ਨੇ ਵੀ ਪੰਚਾਇਤ ਵਿਭਾਗ ਵਿਚਲੇ ਭਿ੍ਸ਼ਟਾਚਾਰ ਅਤੇ ਉਨ੍ਹਾਂ ਉੱਪਰ ਲਗਾਤਾਰ ਬਣਾਏ ਜਾ ਰਹੇ ਦਬਾਅ ਬਾਰੇ ਵੀ ਕਈ ਖ਼ੁਲਾਸੇ ਕੀਤੇ ਜਿਸ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਭਿ੍ਸ਼ਟਾਚਾਰ 'ਚ ਸਾਥ ਨਾ ਦੇਣ ਵਾਲੀਆਂ ਪੰਚਾਇਤਾਂ ਦੇ ਕਿਸੇ ਤਰੀਕੇ ਕੰਮ ਨਹੀਂ ਚੱਲਣ ਦਿੱਤੇ ਜਾ ਰਹੇ | ਸਰਪੰਚਾਂ ਨੇ ਬੀਤੇ ਦਿਨ ਵਿਧਾਇਕ ਨਾਲ ਹੋਈ ਮੀਟਿੰਗ ਬਾਰੇ ਵੀ ਰੋਸ ਜ਼ਾਹਿਰ ਕੀਤਾ ਕਿ ਵਿਧਾਇਕ ਸੁਣਨ ਦੀ ਮਨਸ਼ਾ ਨਾਲ ਮੀਟਿੰਗ 'ਚ ਆਉਣ ਦੀ ਬਜਾਏ, ਹਮਲਾਵਰ ਤਰੀਕੇ ਨਾਲ ਸ਼ਾਮਲ ਹੋਏ ਜਿਸ ਕਾਰਨ ਜ਼ਿਆਦਾਤਰ ਸਰਪੰਚਾਂ ਨੇ ਉੱਥੇ ਕੁਝ ਨਾ ਬੋਲ ਕੇ ਲੋਕਾਂ ਵਿਚ ਸਚਾਈ ਰੱਖਣ ਦਾ ਫ਼ੈਸਲਾ ਕੀਤਾ | ਇਸ ਸੈਮੀਨਾਰ ਨੂੰ ਆਈਡੀਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਕਰਨੈਲ ਸਿੰਘ ਜਖੇਪਲ, ਗੁਰਮੀਤ ਸਿੰਘ ਥੂਹੀ, ਤਾਰਾ ਸਿੰਘ ਫੱਗੂਵਾਲਾ, ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਰਾਜਪੁਰਾ, ਕੁਲਵਿੰਦਰ ਕੌਰ ਰਾਮਗੜ੍ਹ, ਡਾ. ਗੁਰਪ੍ਰੀਤ ਕੌਰ ਚੌਂਦਾ, ਪ੍ਰੋ. ਸੁਖਜਿੰਦਰ ਸਿੰਘ, ਵਰਿੰਦਰ ਸਿੰਘ ਕਪੂਰ, ਸਰਪੰਚ ਗੁਰਧਿਆਨ ਸਿੰਘ ਕਾਲਸਨਾ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਇਲਾਕੇ ਤੋਂ ਆਏ ਪੰਚਾਂ ਸਰਪੰਚਾਂ ਅਤੇ ਨਗਰ ਨਿਵਾਸੀਆਂ ਦਾ ਪਰਮਦੀਪ ਸਿੰਘ ਬਿਨਾਹੇੜੀ ਵਲੋਂ ਧੰਨਵਾਦ ਕੀਤਾ ਗਿਆ |