ਨਾਭਾ, 22 ਸਤੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਤਹਿਸੀਲ ਕੰਪਲੈਕਸ ਦੇ ਬਾਹਰ ਕਿਸਾਨ ਯੂਨੀਅਨਾਂ ਵਲੋਂ ਸ਼ੰਭੂ ਬਾਰਡਰ 'ਤੇ ਹੋਏ ਟਰਾਲੀ ਚੋਰੀ ਮਾਮਲੇ ਨੂੰ ਲੈ ਕੇ ਲਗਾਏ ਗਏ ਧਰਨੇ ਦਾ ਮਾਹੌਲ ਉਦੋਂ ਗਰਮਾ ਗਿਆ ਜਦੋਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਆਪਸ ਵਿਚ ਖਿੱਚੋਤਾਣ ਹੋ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ | ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਾ ਇਕ ਉੱਚ ਜਾਂਚ ਦਾ ਹੈ, ਇਸ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਬਿਨਾਂ ਕੁਝ ਸੋਚੇ ਸਮਝੇ ਜਾਂ ਪੜਤਾਲ ਦੇ ਕਿਸੇ ਵੀ ਕਿਸਾਨ ਜਥੇਬੰਦੀ ਜਾਂ ਕਿਸੇ ਵੀ ਕਿਸਾਨ 'ਤੇ ਮਾਮਲਾ ਦਰਜ ਕਰਨ ਦੀ ਜਲਦਬਾਜ਼ੀ ਪ੍ਰਸ਼ਾਸਨ ਵਲੋਂ ਨਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਇਹ ਜ਼ਰੂਰੀ ਹੈ ਕਿ ਇਸ ਮਾਮਲੇ ਨੂੰ ਗੱਲਬਾਤ ਤਹਿਤ ਹੱਲ ਕਰਨ ਵੱਲ ਜ਼ੋਰ ਦਿੱਤਾ ਜਾਵੇ |