ਨਾਭਾ, 22 ਸਤੰਬਰ (ਕਰਮਜੀਤ ਸਿੰਘ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨਾਭਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਰਾਮ ਸਰਨ ਦੀ ਅਗਵਾਈ ਵਿਚ ਸਥਾਨਕ ਸ਼ਾਹੀ ਸਮਾਧਾਂ ਨਾਭਾ ਵਿਖੇ ਹੋਈ | ਮੀਟਿੰਗ ਵਿਚ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਸੰਗਰੂਰ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਿਰਭੈ ਸਿੰਘ ਖਾਈ ਤੇ ਜਾਨਲੇਵਾ ਹਮਲਾ ਹੋਏ ਨੂੰ ਪੰਜ ਮਹੀਨੇ ਬੀਤ ਚੁੱਕੇ ਹਨ ਪਰ ਹਾਲੇ ਵੀ ਪੁਲਿਸ ਵਲੋਂ ਮੁਜਰਮਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਜਦੋਂ ਕਿ ਉਹ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਲਗਾਤਾਰ ਧਮਕੀਆਂ ਦੇ ਰਹੇ ਹਨ | ਨਿਰਭੈ ਸਿੰਘ ਵਲੋਂ ਸਵੈ ਰੱਖਿਆ ਲਈ ਅਪਲਾਈ ਕੀਤੇ ਗਏ ਅਸਲੇ ਦਾ ਲਾਇਸੈਂਸ ਵੀ ਪ੍ਰਸ਼ਾਸਨ ਵਲੋਂ ਜਾਰੀ ਨਹੀਂ ਕੀਤਾ ਜਾ ਰਿਹਾ | ਇਸ ਲਈ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਮੁਜਰਮਾਂ ਦੀ ਪੁਸ਼ਤ ਪਨਾਹੀ ਕਰਨ ਦੇ ਰੋਸ ਵਜੋਂ 25 ਸਤੰਬਰ ਨੂੰ ਐਸਐਸਪੀ ਦਫ਼ਤਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਭਾਗ ਲੈਣਗੇ | ਬਲਾਕ ਸਕੱਤਰ ਭਜਨ ਸਿੰਘ ਨੌਹਰਾ ਅਤੇ ਹਰਬੰਸ ਸਿੰਘ ਨੇ 25 ਸਤੰਬਰ ਨੂੰ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਇਕਾਈ ਨਾਭਾ 'ਚੋਂ ਅਧਿਆਪਕਾਂ ਦੀ ਵੱਡੀ ਗਿਣਤੀ ਵਿਚ ਲਾਮਬੰਦੀ ਕਰਕੇ ਪਹੁੰਚਣ ਦੀ ਗੱਲ ਆਖੀ | ਅਧਿਆਪਕ ਆਗੂ ਪਵਨ ਕੁਮਾਰ ਅਤੇ ਸਾਦਿਕ ਮੁਹੰਮਦ ਵਲੋਂ (ਬੀ.ਐੱਲ.ਓ.) ਬੂਥ ਲੈਵਲ ਅਫ਼ਸਰਾਂ ਨੂੰ ਵੋਟਾਂ ਦੀ ਸੁਧਾਈ ਸੰਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ | ਅਖੀਰ ਵਿਚ ਭਜਨ ਸਿੰਘ ਨੌਹਰਾ ਨੇ ਡੀ.ਟੀ.ਐੱਫ. ਦੀ ਕਾਰਜ ਕੁਸ਼ਲਤਾ ਨੂੰ ਹੋਰ ਨਿਪੁੰਨਤਾ ਨਾਲ ਚਲਾਉਣ ਲਈ ਆਉਣ ਵਾਲੇ ਸਮੇਂ ਵਿਚ ਬਲਾਕ ਭਾਦਸੋਂ-1 ਦੀ ਵੱਖਰੀ ਕਮੇਟੀ ਬਣਾਉਣ ਦੀ ਗੱਲ ਆਖੀ | ਇਸ ਮੌਕੇ ਕੇਵਲ ਸਿੰਘ, ਪ੍ਰਦੀਪ ਕੁਮਾਰ, ਲਖਵੀਰ ਸਿੰਘ, ਹੈੱਡ ਮਾ. ਪਰਮਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਲੈਕ. ਯਾਦਵਿੰਦਰ, ਲੈਕ. ਕੁਲਵੰਤ ਸਿੰਘ, ਯੁਵਰਾਜ, ਦੀਪਕ ਕੁਮਾਰ, ਰੋਹਿਤ ਕੁਮਾਰ ਡੱਲਾ ਤੇ ਅਮਰਿੰਦਰ ਸਿੰਘ ਆਦਿ ਹਾਜ਼ਰ ਸਨ |