ਪਟਿਆਲਾ, 19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਭਾਸ਼ਾ ਵਿਗਿਆਨ ਵਿਸੇ ਵਿੱਚ ਹੋਈ ਇਕ ਖੋਜ ਰਾਹੀਂ 'ਟੋਟਲ-ਲੈਰਿੰਜੈਕਟਮੀ' ਵਿਧੀ ਰਾਹੀਂ ਗਲ਼ੇ ਦਾ ਇਲਾਜ ਪ੍ਰਾਪਤ ਕਰਨ ਵਾਲ਼ੇ ਮਰੀਜ਼ਾਂ ਦੇ ਪੰਜਾਬੀ ਭਾਸ਼ਾ ਉਚਾਰਣ ਨੂੰ ਕੁਦਰਤੀ ਨਾਦ-ਤੰਤੀਆਂ ਵਾਲ਼ੇ ਆਮ ਪੰਜਾਬੀ ਬੁਲਾਰਿਆਂ ਦੇ ਉਚਾਰਣ ਨਾਲ਼ ਤੁਲਨਾਅ ਕੇ ਅਹਿਮ ਸਿੱਟੇ ਕੱਢੇ ਗਏ ਹਨ | ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿੱਚ ਖੋਜਾਰਥੀ ਡਾ. ਰਵੀ ਕਪੂਰ ਵੱਲੋ ਨਿਗਰਾਨ ਡਾ. ਸੁਮਨ ਪ੍ਰੀਤ ਵਿਰਕ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਪਹੁੰਚ ਵਾਲੇ ਵਿਸੇ ਭਾਸ਼ਾ ਵਿਗਿਆਨ ਅਧੀਨ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ਼ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਲੇਠਾ ਖੋਜ ਕਾਰਜ ਹੈ | ਡਾ. ਸੁਮਨ ਪ੍ਰੀਤ ਵਿਰਕ ਨੇ ਦੱਸਿਆ ਕਿ ਇਸ ਖੋਜ-ਕਾਰਜ ਦੇ ਸਿੱਟੇ ਕਲੀਨਕੀ ਭਾਸ਼ਾ ਵਿਗਿਆਨ ਦੇ ਖੇਤਰ ਨਾਲ਼ ਸਬੰਧਿਤ ਹੋਣ ਕਾਰਨ ਪ੍ਰਕਿ੍ਤਿਕ ਭਾਸ਼ਾਈ ਸੰਸਾਧਨਾਂ, ਫੋਰੈਂਸਿਕ ਭਾਸ਼ਾ ਵਿਗਿਆਨ ਅਤੇ ਭਾਸ਼ਾਈ ਬੋਲ-ਵਿਕਾਰ ਅਧਿਐਨ ਵਿਚ ਲਾਹੇਵੰਦ ਸਾਬਤ ਹੋਣਗੇ | ਵਿਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਖੋਜ-ਕਾਰਜ 'ਕਲੀਨਕੀ ਭਾਸ਼ਾ ਵਿਗਿਆਨ' ਦੇ ਖੇਤਰ ਨਾਲ਼ ਸਬੰਧਿਤ ਹੈ ਜਿਸ ਵਿੱਚ ਗਲ਼ੇ ਦੀ ਕਿਸੇ ਗੰਭੀਰ ਬਿਮਾਰੀ ਜਾਂ ਗੰਭੀਰ ਸਮੱਸਿਆ ਤੋਂ ਪੀੜਿਤ ਕਿਸੇ ਵਿਅਕਤੀ ਦੀਆਂ ਗਲ਼ੇ ਦੀਆਂ ਨਾਦ-ਤੰਤੀਆਂ ਟੋਟਲ-ਲੈਰਿੰਜੈਕਟਮੀ ਰਾਹੀਂ ਕੱਢ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਜਗ੍ਹਾ ਟ੍ਰੈਕੀਓਈਸੋਫ਼ੋਜਿਅਲ ਪ੍ਰੋਸਥਿਸਿਸ (ਟੀ.ਈ.ਪੀ.) ਯੰਤਰ ਲਗਾਇਆ ਜਾਂਦਾ ਹੈ ਤਾਂ ਜੋ ਉਹ ਵਿਅਕਤੀ ਮੁੜ ਤੋਂ ਬੋਲਣ ਦੇ ਸਮਰੱਥ ਹੋ ਸਕੇ | ਡਾ. ਰਵੀ ਕਪੂਰ ਨੇ ਦੱਸਿਆ ਕਿ ਅੰਗਰੇਜ਼ੀ ਮਾਧਿਅਮ ਵਿਚ ਸੰਪੰਨ ਕੀਤੇ ਗਏ ਇਸ ਭਾਸ਼ਾ ਵਿਗਿਆਨਕ ਖੋਜ ਕਾਰਜ ਵਿੱਚ 'ਪਰਾਟ' ਨਾਮਕ ਸਾਫ਼ਟਵੇਅਰ ਦੀ ਮਦਦ ਨਾਲ਼ ਲਗਭਗ 350 ਸਪੈਕਟ੍ਰੋਗ੍ਰਾਮ ਨਮੂਨਿਆਂ ਦੇ ਅੰਕੜਿਆਂ ਦੇ ਆਧਾਰ 'ਤੇ ਪੰਜਾਬੀ ਭਾਸ਼ਾ ਦੇ ਸÉਰਾਂ ਦੇ ਉਚਾਰਣ ਵੇਲੇ ਸÉਰ-ਅਵਧੀ, ਅੰਤਰਾਲ ਅਤੇ ਧੁਨੀ-ਮਿਆਦ ਦੇ ਨਾਲ਼-ਨਾਲ਼ ਜੀਭ ਦੀ ਸਥਿਤੀ ਅਤੇ ਮਹਾਂਪ੍ਰਾਣ ਧੁਨੀਆਂ ਦੀ ਉਚਾਰਣ ਭਿੰਨਤਾ ਸੰਬੰਧੀ ਅਹਿਮ ਤੱਥ ਸਾਹਮਣੇ ਆਏ ਹਨ | ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਵਿਲੱਖਣਤਾ ਇਸ ਪੱਖੋਂ ਵੀ ਹੈ ਕਿ ਇੱਥੇ ਹੁੰਦੇ ਵੱਖ-ਵੱਖ ਖੋਜ ਕਾਰਜਾਂ ਦੇ ਵਿਸ਼ਿਆਂ ਦਾ ਦਾਇਰਾ ਬਹੁਤ ਵਸੀਹ ਹੈ | ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹੁਣ ਕਲੀਨਕੀ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਆਪਣਾ ਜ਼ਿਕਰਯੋਗ ਯੋਗਦਾਨ ਪਾ ਰਹੀ ਹੈ |