ਪਟਿਆਲਾ, 3 ਨਵੰਬਰ (ਮਨਦੀਪ ਸਿੰਘ ਖਰੌੜ)-ਸੂਬਾ ਸਰਕਾਰ ਤੇ ਜੇਲ੍ਹ ਵਿਭਾਗ ਵਲੋਂ ਪੰਜਾਬ ਦੀਆਂ ਜੇਲ੍ਹਾਂ ਅੰਦਰ ਮੋਬਾਈਲ ਅਤੇ ਨਸ਼ੇ ਦੀ ਵਰਤੋਂ ਨੂੰ ਖ਼ਤਮ ਕਰਨ ਸੰਬੰਧੀ ਅਕਸਰ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਪੋਲ ਉਦੋਂ ਖੁੱਲ੍ਹਦੀ ਹੈ ਜਦੋਂ ਕੈਦੀਆਂ ਅਤੇ ਹਵਾਲਾਤੀਆਂ ਵਲੋਂ ਸ਼ਰੇਆਮ ਵਰਤੋਂ ਕੀਤੀ ਜਾਂਦੀ ਹੈ | ਇਸੇ ਸਿਲਸਿਲੇ ਤਹਿਤ ਪਟਿਆਲਾ ਜੇਲ੍ਹ ਵਿਚ ਇੰਨੀ ਸਖ਼ਤੀ ਹੋਣ ਦੇ ਬਾਵਜੂਦ ਵੀ ਰੋਜਾਨਾ ਕੋਈ ਨਾ ਕੋਈ ਮੋਬਾਈਲ ਅਤੇ ਨਸ਼ੀਲੇ ਪਦਾਰਥ ਬਰਾਮਦ ਹੁੰਦੇ ਰਹਿੰਦੇ ਹਨ | ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜੇਲ੍ਹ ਅੰਦਰ ਵੱਡੀ ਗਿਣਤੀ ਵਿਚ ਮੋਬਾਈਲ ਅਤੇ ਨਸ਼ੀਲੇ ਪਦਾਰਥ ਕਿਵੇਂ ਪਹੁੰਚਦੇ ਹਨ | ਇਸ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ ਇਹ ਅਜੇ ਸਵਾਲ ਹੀ ਬਣਿਆ ਹੋਇਆ ਹੈ | ਪਿਛਲੇ ਦਿਨੀਂ 3 ਕੈਦੀ ਬਾਹਰ ਫ਼ੋਨ ਕਰਕੇ ਜੇਲ੍ਹ ਚੋਂ ਮੋਬਾਈਲ ਅਤੇ ਨਸ਼ੀਲੇ ਪਦਾਰਥ ਮੰਗਵਾਉਂਦਿਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਫੜਿਆ ਸੀ | ਇਸੇ ਸਿਲਸਿਲੇ ਤਹਿਤ ਅੱਜ ਪਟਿਆਲਾ ਜੇਲ੍ਹ ਬਾਹਰੋਂ ਅੰਦਰ ਸੁੱਟੇ ਲਿਫ਼ਾਫ਼ੇ ਚੋਂ 13 ਮੋਬਾਈਲ ਫ਼ੋਨ ਅਤੇ 139 ਪੁੜੀਆਂ ਜਰਦੇ ਦੀਆਂ ਬਰਾਮਦ ਹੋਈਆ ਹਨ | ਇਹ ਮੋਬਾਈਲ ਕਿਹੜੇ ਕੈਦੀ ਜਾਂ ਹਵਾਲਾਤੀ ਨੇ ਕਿਸ ਨਾਲ ਸੰਪਰਕ ਕਰਕੇ ਅੰਦਰ ਮੰਗਵਾਏ ਸੀ ਇਸ ਸੰਬੰਧੀ ਜੇਲ੍ਹ ਵਿਭਾਗ ਦਾ ਅਧਿਕਾਰੀ ਕੁਝ ਨਹੀਂ ਦੱਸ ਰਿਹਾ | ਜਦੋਂ ਜੇਲ੍ਹ ਸੁਪਰਡੈਂਟ ਗੁਰਬਚਨ ਸਿੰਘ ਧਾਲੀਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਹਮੇਸ਼ਾ ਦੀ ਤਰ੍ਹਾਂ ਫ਼ੋਨ ਨਹੀਂ ਚੁੱਕਿਆ ਗਿਆ | ਇਸ ਸੰਬੰਧੀ ਥਾਣਾ ਤਿ੍ਪੜੀ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਅੰਦਰ ਸੁੱਟਣ ਦੇ ਮਾਮਲੇ ਵਿਚ 3 ਬੰਦੀਆਂ ਨੂੰ ਪ੍ਰੋਡਕਸ਼ਨ ਵਰੰਟ ਤੇ ਪੁੱਛ ਪੜਤਾਲ ਲਈ ਲੈ ਕੇ ਆਏ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ ਉੱਤੇ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ | ਫਿਲਹਾਲ ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਪੂਰੀ ਹੋਣ 'ਤੇ ਇਸ ਕੇਸ ਬਾਰੇ ਹੋਰ ਕੁੱਝ ਵੀ ਦੱਸਿਆ ਜਾ ਸਕਦਾ ਹੈ |