ਨਾਭਾ, 3 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਿਟ ਭੰਗ ਕਰਨ ਨੂੰ ਲੈ ਕੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਸ਼ਕਤੀ ਦਾ ਦੁਰਉਪਯੋਗ ਕਰ ਰਹੀ ਹੈ ਕਿਉਂ ਜੋ ਪੰਜਾਬੀ ਯੂਨੀਵਰਸਿਟੀ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹਨ, ਦੇ ਬਾਵਜੂਦ ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿਚ ਵੀ ਨਹੀਂ ਆਉਂਦਾ | ਡਾ. ਬਲਵੀਰ ਸਿੰਘ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ ਸਾਨੂੰ ਸਾਡੀ ਰਾਜਧਾਨੀ ਵੀ ਨਹੀਂ ਦਿੱਤੀ ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਕੇਂਦਰ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਵਾਲਾ ਕੰਮ ਕੀਤਾ ਗਿਆ ਸੀ | ਉਨ੍ਹਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਚੰਗੇ ਨਹੀਂ ਨਿਕਲਣਗੇ ਸਗੋਂ ਮੈਂ ਕੇਂਦਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਫ਼ੈਸਲਾ ਤੁਸੀਂ ਤੁਰੰਤ ਵਾਪਸ ਲਓ | ਕੈਪਟਨ ਅਮਰਿੰਦਰ ਸਿੰਘ ਦੇ ਮੁੜ ਤੋਂ ਸਿਆਸਤ ਵਿਚ ਸਰਗਰਮ ਹੋਣ ਸੰਬੰਧੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਇਹ ਬਰਸਾਤੀ ਡੱਡੂ ਹਨ ਜੋ ਮੀਂਹ ਪੈਣ 'ਤੇ ਬਾਹਰ ਆ ਜਾਂਦੇ ਹਨ | ਡੱਡੂਆਂ ਦੀ ਤਰ੍ਹਾਂ ਇਹ ਚੋਣਾਂ ਨਜ਼ਦੀਕ ਬਾਹਰ ਆ ਜਾਂਦੇ ਹਨ ਤੇ ਇਹ ਲੋਕ ਚੋਣ ਜਿੱਤਣ ਉਪਰੰਤ ਗੁੰਮ ਹੋ ਜਾਂਦੇ ਹਨ ਤੇ ਚੋਣ ਹਾਰਨ ਉਪਰੰਤ ਤਾਂ ਪੰਜ ਸਾਲ ਕਿੱਧਰੇ ਭਾਲੇ ਹੀ ਨਹੀਂ ਥਿਆਉਂਦੇ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਖ਼ਰਾਬ ਹੋਣ ਸੰਬੰਧੀ ਦਿੱਤੇ ਬਿਆਨ 'ਤੇ ਬੋਲਦਿਆਂ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਅੰਦਰ ਅਮਨ ਕਾਨੂੰਨ ਅਤੇ ਰਿਸ਼ਵਤ ਖੋਰੀ ਦੇ ਖ਼ਿਲਾਫ਼ ਹੈ, ਜਿਸ ਕਰਕੇ ਵੱਡੇ-ਵੱਡੇ ਆਦਮੀਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ | ਤਰਨ ਤਾਰਨ ਜ਼ਿਮਨੀ ਚੋਣ ਸੰਬੰਧੀ ਬੋਲਦਿਆਂ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰ ਸਿਹਤ ਸਹੂਲਤਾਂ ਮਿਲੀਆਂ ਹਨ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਇਸ ਲਈ ਲੋਕ ਆਮ ਆਦਮੀ ਪਾਰਟੀ ਨੂੰ ਹੀ ਜਿਤਾਉਣਗੇ |