ਪਟਿਆਲਾ, 3 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਤੇ ਇੰਜੀਨੀਅਰ ਐਸੋਸੀਏਸ਼ਨ ਵਲੋਂ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਵਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ-2025 ਦੇ ਖ਼ਿਲਾਫ਼ ਪੰਜਾਬ ਦੇ ਸਮੁੱਚੇ ਸਰਕਲ ਦਫ਼ਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਗਏ | ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਪ੍ਰਮੁੱਖ ਤੌਰ 'ਤੇ ਟੈਕਨੀਕਲ ਸਰਵਿਸ ਯੂਨੀਅਨ ਪਾਵਰਕੌਮ, ਟਰਾਂਸਕੋ, ਗਰਿੱਡ ਸਬ-ਸਟੇਸ਼ਨ ਟੈਕਨੀਕਲ ਅਤੇ ਕਲੈਰੀਕਲ ਇੰਪਲਾਈਜ਼ ਯੂਨੀਅਨ, ਪੀ.ਐੱਸ.ਈ.ਬੀ. ਅਕਾਊਾਟਸ ਆਡਿਟ ਅਤੇ ਐਡਮਿਨਿਸਟਰੇਟਿਵ ਸਰਵਿਸ ਐਸੋਸੀਏਸ਼ਨ, ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਵੈੱਲਫੇਅਰ ਫੈਡਰੇਸ਼ਨ, ਭਾਰਤੀ ਮਜ਼ਦੂਰ ਸੰਘ ਅਤੇ ਪੀ.ਟੀ.ਐੱਸ. ਕਰਮਚਾਰੀ ਯੂਨੀਅਨ ਵਲੋਂ ਮੋਰਚੇ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ ਜਦੋਂ ਕਿ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਅਤੇ ਇੰਜੀਨੀਅਰ ਐਸੋਸੀਏਸ਼ਨ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸਮਰਥਨ ਦਿੱਤਾ ਗਿਆ | ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਕਿ ਜੇਕਰ ਤੁਰੰਤ ਪੰਜਾਬ ਮਾਰੂ ਅਤੇ ਮੁਲਾਜ਼ਮ ਮਾਰੂ ਦੋਵੇਂ ਫ਼ੈਸਲੇ ਵਾਪਸ ਨਾਂ ਲਏ ਗਏ ਤਾਂ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਤਿੱਖਾ ਸੰਘਰਸ਼ ਸ਼ੁਰੂ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਪਾਵਰਕੌਮ, ਟ੍ਰਾਂਸਕੋ ਕਾਰਪੋਰੇਸ਼ਨ ਮੈਨੇਜਮੈਂਟ ਦੀ ਹੋਵੇਗੀ | ਰੋਸ ਪ੍ਰਦਰਸ਼ਨ ਉਪਰੰਤ ਮੋਰਚੇ ਵੱਲੋਂ ਮੁੱਖ ਮੰਤਰੀ, ਪੰਜਾਬ ਦੇ ਨਾਂਅ 'ਤੇ ਮੰਗ ਵੀ ਦਿੱਤੇ ਗਏ ਅਤੇ ਐਲਾਨ ਕੀਤਾ ਗਿਆ ਕਿ ਜੇਕਰ ਉਪਰੋਕਤ ਮੰਗਾਂ ਨਾਂ ਮੰਨੀਆਂ ਗਈਆਂ ਤਾਂ 8 ਨਵੰਬਰ ਨੂੰ ਵਿਧਾਨ ਸਭਾ ਹਲਕਾ, ਤਰਨ ਤਾਰਨ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ |