ਸਨੌਰ, 3 ਨਵੰਬਰ (ਮੋਹਣ ਸਿੰਘ ਭੱਟੀ)-'ਘਰ-ਘਰ ਸੰਪਰਕ ਅਭਿਆਨ' ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਮੰਤਵ ਨਾਲ ਸਨੌਰ ਖੰਡ ਵਿਖੇ ਸੰਘ ਦੀ ਵਿਸ਼ੇਸ਼ ਬੈਠਕ ਹੋਈ | ਇਸ ਬੈਠਕ ਦਾ ਮੁੱਖ ਉਦੇਸ਼ ਅਭਿਆਨ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕਰਨਾ ਸੀ | ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਪਵਨ (ਪ੍ਰਾਂਤ ਮੁੱਖ ਮਾਰਗ ਪ੍ਰਮੁੱਖ) ਨੇ 'ਘਰ-ਘਰ ਸੰਪਰਕ ਅਭਿਆਨ' ਦੀ ਅਹਿਮੀਅਤ ਤੇ ਇਸ ਦੀ ਸਮੁੱਚੀ ਭੂਮਿਕਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਉਪਰੰਤ ਜ਼ਿਲ੍ਹਾ ਪ੍ਰਚਾਰਕ ਅਰਜਨ ਨੇ ਅਭਿਆਨ ਨੂੰ ਪਿੰਡਾਂ 'ਚ ਸੁਚਾਰੂ ਢੰਗ ਨਾਲ ਚਲਾਉਣ ਲਈ ਪਿੰਡਾਂ ਦੀ ਰਚਨਾ ਅਤੇ ਕਾਰਜ ਪ੍ਰਣਾਲੀ ਬਾਰੇ ਵਿਸਤਰਿਤ ਜਾਣਕਾਰੀ ਸਾਂਝੀ ਕੀਤੀ | ਇਸ ਮੀਟਿੰਗ 'ਚ 2 ਮੰਡਲਾਂ ਦੇ 3 ਪਿੰਡਾਂ ਤੋਂ ਕੁੱਲ 23 ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਖੰਡ ਦੀ ਸੰਘ ਟੀਮ ਅਤੇ ਹੋਰ ਸਹਿਯੋਗੀ ਸੰਗਠਨਾਂ ਦੇ ਅਹੁਦੇਦਾਰ ਵੀ ਸ਼ਾਮਲ ਸਨ | ਇਸ ਮੌਕੇ ਸ੍ਰੀ ਅਰਜੁਨ ਨੇ 100 ਪਿੰਡਾਂ ਦੀ ਸੂਚੀ ਵਿਚੋਂ ਨਾਮ ਪੜ੍ਹ ਕੇ ਹਰੇਕ ਪਿੰਡ ਵਿਚ 2 ਤੋਂ 3 ਵਿਅਕਤੀਆਂ ਦੇ ਨਾਮ ਬਤੌਰ ਸੰਪਰਕ ਦਰਜ ਕੀਤੇ | ਇਸ ਕਾਰਜ ਦੀ ਨਿਗਰਾਨੀ ਲਈ 11 ਮੰਡਲਾਂ ਦੀ ਇਕ ਟੀਮ ਵੀ ਗਠਿਤ ਕੀਤੀ ਗਈ | ਇਸ ਮੌਕੇ ਰਵਿੰਦਰ (ਜ਼ਿਲ੍ਹਾ ਸੇਵਾ ਪ੍ਰਮੁੱਖ), ਮਾਨਯੋਗ ਖੰਡ ਸੰਘਚਾਲਕ ਨੀਰਜ ਤੇ ਸੁਰਿੰਦਰ ਪਾਂਡਵ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬੈਠਕ ਵਿਚ ਮੌਜੂਦ ਸਾਰੇ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਇਸ ਅਭਿਆਨ ਨੂੰ ਹਰ ਪਿੰਡ ਤੱਕ ਪਹੁੰਚਾਉਣ ਲਈ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਪ੍ਰਣ ਲਿਆ |