ਰਾਜਪੁਰਾ, 3 ਨਵੰਬਰ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਦੀ ਮਾਸਿਕ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਵਨ ਸ਼ਰਮਾ ਸਕੱਤਰ ਰੋਟਰੀ ਕਲੱਬ ਰਾਜਪੁਰਾ ਵਿਸ਼ੇਸ਼ ਮਹਿਮਾਨ ਸਨ | ਸਭਾ ਦਾ ਆਗਾਜ਼ ਅਵਤਾਰ ਪੁਆਰ ਦੀ ਗ਼ਜ਼ਲ 'ਮੈਂ ਤਾਂ ਤੁਰਿਆ ਸੀ ਸੱਚ ਦੀ ਭਾਲ ਵਿਚ, ਫਸ ਗਿਆ, ਪਰ ਝੂਠ ਦੇ ਜੰਜਾਲ 'ਚ' ਨਾਲ ਕੀਤਾ | ਕਰਮ ਸਿੰਘ ਹਕੀਰ ਨੇ ਪੰਜਾਬ ਦੀ ਤ੍ਰਾਸਦੀ ਤੇ ਤੰਜ ਕਸਿਆ 'ਬਾਪੂ ਦੀਆਂ ਵੇਚ ਜ਼ਮੀਨਾਂ ਸੁਰਿੰਦਰ ਸਿੰਘ ਸੋਹਣਾ ਨੇ ਕੀ ਸਮਝਾਇਆ ਨਾਨਕ ਨੇ ਅਤੇ ਝੂਠ ਨੂੰ ਮਾਰ ਮੁਕਾਇਆ ਸੱਚੇ ਸਤਿਗੁਰੂ ਨੂੰ ' ਸੁਣਾ ਕੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਨੂੰ ਸਮਰਪਿਤ ਕੀਤਾ | ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਨੇ ਚੁਰਾਸੀ ਦੇ ਦੰਗਿਆਂ ਬਾਰੇ ਬਿਆਨ ਕੀਤਾ | ਯਾਦਵਿੰਦਰ ਸਿੰਘ ਕਲੋਲੀ ਨੇ ਅੱਜ ਸਾਰੇ ਬਾਜ਼ਾਰ ਨਗਾੜਾ ਵਜਾਇਆ ਜਾ ਰਿਹਾ, ਕਾਫ਼ਲਾ ਕੁੜ੍ਹ ਦਾ ਹੈ ਸੱਚ ਨੂੰ ਛੁਪਾਇਆ ਜਾ ਰਿਹਾ | ਸੁਰਿੰਦਰ ਕੌਰ ਬਾੜਾ 'ਅੱਜ ਪਤਾ ਲੱਗਾ ਮੈਨੂੰ ਪਿਆਰ ਹੁੰਦਾ ਕੀ ਵੇ' ਸੁਣਾ ਕੇ ਆਪਣੇ ਵਿੱਛੜੇ ਪੁੱਤਰ ਨੂੰ ਯਾਦ ਕਰਦਿਆਂ ਸਭਾ ਨੂੰ ਗ਼ਮਗੀਨ ਕਰ ਦਿੱਤਾ | ਤਾਰਾ ਸਿੰਘ ਮਠਿਆੜਾ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਵਾਰ ਸੁਣਾਈ | ਹਰਪਾਲ ਸਿੰਘ ਪਾਲ ਤੇ ਕੁਲਵੰਤ ਸਿੰਘ ਜੱਸਲ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਤੂੰਬੀ ਨਾਲ ਕਵੀਸ਼ਰੀ ਸੁਣਾ ਕੇ ਸਭ ਦਾ ਮਨ ਮੋਹ ਲਿਆ | ਰਾਕੇਸ਼ ਛਾਬੜਾ ਨਾਦਾਨ ਨੇ ਉਰਦੂ ਸ਼ਾਇਰੀ ਸੁਣਾਈ | ਮਨਜੀਤ ਸਿੰਘ ਨਾਗਰਾ, ਰਾਜਵੰਤ ਕੌਰ ਅਤੇ ਦਲਜੀਤ ਸਿੰਘ ਸੈਦਖੇੜੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ | ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ 'ਮੈਂ ਤੇ ਮੇਰੀ ਕਵਿਤਾ' ਸੁਣਾ ਕੇ ਸ਼ਰੋਸ਼ਾਰ ਕੀਤਾ | ਪਵਨ ਸ਼ਰਮਾ ਨੇ ਕਵਿਤਾ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਆਪਣੀ ਕਵਿਤਾ 'ਛਾਇਆ ਧੁੰਦ ਗੁਬਾਰ ਸੀ ਧਰਤ ਉੱਤੇ' ਸੁਣਾਈ ਉੱਥੇ ਸਭਾ ਦੀ ਕਾਰਵਾਈ ਬਹੁਤ ਖੂਬ ਤਰੀਕੇ ਨਾਲ ਚਲਾਈ |