20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੰਮਤੀ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਦੀ ਹੋਈ ਹਾਰ ਨੇ ਕਈ ਸਵਾਲ ਕੀਤੇ ਖੜ੍ਹੇ

Ad Position 21
No active advertisement
ਅਜੀਤ ਡੈਸਕ 19-12-2025
ਰਾਜਪੁਰਾ, 18 ਦਸੰਬਰ (ਰਣਜੀਤ ਸਿੰਘ)-ਹਾਲ ਵਿਚ ਹੀ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਆਏ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਹਲਕੇ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਪਾਰਟੀ ਦੀ ਖ਼ਾਸ ਤੌਰ 'ਤੇ ਪਿੰਡਾਂ ਵਿਚ ਹੋਈ ਹਾਰ ਨੇ ਕਈ ਆਗੂਆਂ ਦੇ ਬੁੱਲ੍ਹਾਂ 'ਤੇ ਸਿਕੜੀ ਲਿਆ ਦਿੱਤੀ ਹੈ | ਜਿਹੜੇ ਲੋਕੀ ਭਵਿੱਖ ਵਿਚ ਪੰਜਾਬ ਦੀ ਵਾਗਡੋਰ ਸਾਂਭਣ ਦੀਆਂ ਗੱਲਾਂ ਕਰਦੇ ਸੀ ਬੀਤੇ ਕੱਲ੍ਹ ਆਏ ਨਤੀਜਿਆਂ ਨੇ ਉਨ੍ਹਾਂ ਨੰੂ ਲੋਕਾਂ ਦੀਆਂ ਗੱਲਾਂ ਸੁਣਨ ਜੋਗਾ ਵੀ ਨਹੀਂ ਛੱਡਿਆ | ਜਾਣਕਾਰੀ ਮੁਤਾਬਿਕ ਰਾਜਪੁਰਾ ਹਲਕੇ ਵਿਚ ਬਲਾਕ ਸੰਮਤੀ ਦੇ 15 ਜ਼ੋਨ ਸਨ ਜਿਨ੍ਹਾਂ ਵਿਚੋਂ ਕਾਂਗਰਸ ਪਾਰਟੀ ਦਾ ਝੰਡਾ ਪੂਰੀ ਤਰ੍ਹਾਂ ਨਾਲ ਲਹਿਰਾਇਆ ਵਿਖਾਈ ਦੇ ਰਿਹਾ ਹੈ ਜਦ ਕਿ ਸੱਤਾਧਾਰੀ ਧਿਰ ਨੂੰ ਵੀ 6 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ | ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਬਾਦਲ ਦੇ ਹਿੱਸੇ ਵੀ ਇਕ ਸੀਟ ਆਉਣ ਨਾਲ ਪਾਰਟੀ ਖਾਤਾ ਖੋਲ੍ਹਣ ਵਿਚ ਕਾਮਯਾਬ ਹੋ ਗਈ ਹੈ |
ਅੱਜ ਸਾਰਾ ਦਿਨ ਸੱਥਾਂ ਵਿਚ ਗੱਲਾਂ ਹੁੰਦੀਆਂ ਰਹੀਆਂ ਕਿ ਪੂਰੇ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਦੀ ਹੂੰਝਾਫੇਰ ਹਾਰ ਦਾ ਕੀ ਕਾਰਨ ਹੋ ਸਕਦਾ ਹੈ, ਭਾਜਪਾ ਦੇ ਹੀ ਕਈ ਆਗੂਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜਿਸ ਇਨਸਾਨ ਨੰੂ ਪਾਰਟੀ ਦੀ ਵਾਗਡੋਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਵਿਅਕਤੀ ਪਿੰਡਾਂ ਵਿਚ ਗਿਆ ਹੀ ਨਹੀਂ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਤਾਂ ਕਾਫ਼ੀ ਦੇਰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਸੰਮਤੀ ਦੀਆਂ ਚੋਣਾਂ ਹੋਣੀਆਂ ਹੀ ਹਨ ਅਤੇ ਪਿੰਡਾਂ ਵਿਚ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹੇ ਕਰਨੇ ਹਨ | ਇਸ ਲਈ ਪਿੰਡਾਂ ਵਿਚ ਸਰਗਰਮੀ ਜਿੰਨੀ ਹੋਣੀ ਚਾਹੀਦੀ ਸੀ ਉਸ ਤੋਂ ਅੱਧੀ ਵੀ ਨਹੀਂ ਕੀਤੀ ਗਈ | ਪਿੰਡ ਪੱਧਰ 'ਤੇ ਭਾਜਪਾ ਦੀਆਂ ਨੀਤੀਆਂ ਦਾ ਖੁੱਲ ਕੇ ਪ੍ਰਚਾਰ ਵੀ ਨਹੀਂ ਕੀਤਾ ਗਿਆ | ਉਨ੍ਹਾਂ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਪੱਧਰ 'ਤੇ ਕੋਈ ਵੱਡੀ ਰੈਲੀ ਵੀ ਹਾਲੇ ਤੱਕ ਨਹੀਂ ਕੀਤੀ ਗਈ, ਜਿਸ ਵਿਚ ਪਿੰਡਾਂ ਦੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ | ਉਮੀਦਵਾਰ ਵੀ ਜ਼ਿਆਦਾਤਰ ਗ਼ੈਰ-ਤਜਰਬੇਕਾਰ ਸਨ | ਉਮੀਦਵਾਰਾਂ ਨੂੰ ਇਹ ਆਸ ਸੀ ਕਿ ਹਲਕੇ ਦਾ ਵੱਡਾ ਆਗੂ ਉਨ੍ਹਾਂ ਦੀ ਮੰਝਧਾਰ 'ਚ ਫਸੀ ਕਿਸ਼ਤੀ ਨੂੰ ਪਾਰ ਲਾ ਦੇਵੇਗਾ ਪਰ ਹੋਇਆ ਇਸ ਤੋਂ ਬਿਲਕੁਲ ਉਲਟ | ਭਵਿਖ ਵਿਚ ਆਪਣੇ ਆਪ ਨੂੰ ਵਿਧਾਇਕ ਬਣਨ ਦੇ ਸੁਪਨੇ ਲੈਣ ਵਾਲੇ ਆਗੂ ਲਈ ਵੀ ਆਏ ਨਤੀਜੇ ਹਾਈ ਵੋਲਟ ਦਾ ਕਰੰਟ ਸਮਝੇ ਜਾ ਰਹੇ ਹਨ | ਖ਼ੈਰ ਭਾਜਪਾ ਦਾ ਹਲਕੇ ਵਿਚ ਖਾਤਾ ਨਾ ਖੁੱਲ੍ਹਣਾ ਕਿਤੇ ਨਾ ਕਿਤੇ ਪਾਰਟੀ ਲਈ ਸੋਚਣ ਵਾਲੀ ਗੱਲ ਹੈ | ਇਸ ਸੰਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡਾਂ ਵਿਚ ਸੰਮਤੀ ਦੀਆਂ ਚੋਣਾਂ ਪਹਿਲੀ ਵਾਰ ਲੜੀਆਂ ਹਨ ਤੇ ਇਸ ਲਈ ਕਿਤੇ ਨਾ ਕਿਤੇ ਘਾਟ ਰਹਿ ਗਈ ਹੈ | ਪਾਰਟੀ ਇਸ ਗੱਲ ਦਾ ਮੰਥਨ ਕਰੇਗੀ ਅਤੇ ਜੋ ਵੀ ਕਮੀ ਰਹੀ ਹੈ ਉਸ ਦਾ ਬੈਠ ਕੇ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਅਗਲੀ ਖ਼ਬਰ 'ਆਪ' ਉਮੀਦਵਾਰ ਕੇਵਲ ਸਿੰਘ ਰਣਜੀਤਗੜ੍ਹ ਨੇ ਕੀਤੀ ਜਿੱਤ ਪ੍ਰਾਪਤ
Ad Position 24