ਸੰਮਤੀ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਦੀ ਹੋਈ ਹਾਰ ਨੇ ਕਈ ਸਵਾਲ ਕੀਤੇ ਖੜ੍ਹੇ
ਅਜੀਤ ਡੈਸਕ
19-12-2025
ਅੱਜ ਸਾਰਾ ਦਿਨ ਸੱਥਾਂ ਵਿਚ ਗੱਲਾਂ ਹੁੰਦੀਆਂ ਰਹੀਆਂ ਕਿ ਪੂਰੇ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਦੀ ਹੂੰਝਾਫੇਰ ਹਾਰ ਦਾ ਕੀ ਕਾਰਨ ਹੋ ਸਕਦਾ ਹੈ, ਭਾਜਪਾ ਦੇ ਹੀ ਕਈ ਆਗੂਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਜਿਸ ਇਨਸਾਨ ਨੰੂ ਪਾਰਟੀ ਦੀ ਵਾਗਡੋਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਵਿਅਕਤੀ ਪਿੰਡਾਂ ਵਿਚ ਗਿਆ ਹੀ ਨਹੀਂ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਤਾਂ ਕਾਫ਼ੀ ਦੇਰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਸੰਮਤੀ ਦੀਆਂ ਚੋਣਾਂ ਹੋਣੀਆਂ ਹੀ ਹਨ ਅਤੇ ਪਿੰਡਾਂ ਵਿਚ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹੇ ਕਰਨੇ ਹਨ | ਇਸ ਲਈ ਪਿੰਡਾਂ ਵਿਚ ਸਰਗਰਮੀ ਜਿੰਨੀ ਹੋਣੀ ਚਾਹੀਦੀ ਸੀ ਉਸ ਤੋਂ ਅੱਧੀ ਵੀ ਨਹੀਂ ਕੀਤੀ ਗਈ | ਪਿੰਡ ਪੱਧਰ 'ਤੇ ਭਾਜਪਾ ਦੀਆਂ ਨੀਤੀਆਂ ਦਾ ਖੁੱਲ ਕੇ ਪ੍ਰਚਾਰ ਵੀ ਨਹੀਂ ਕੀਤਾ ਗਿਆ | ਉਨ੍ਹਾਂ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪਿੰਡ ਪੱਧਰ 'ਤੇ ਕੋਈ ਵੱਡੀ ਰੈਲੀ ਵੀ ਹਾਲੇ ਤੱਕ ਨਹੀਂ ਕੀਤੀ ਗਈ, ਜਿਸ ਵਿਚ ਪਿੰਡਾਂ ਦੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ | ਉਮੀਦਵਾਰ ਵੀ ਜ਼ਿਆਦਾਤਰ ਗ਼ੈਰ-ਤਜਰਬੇਕਾਰ ਸਨ | ਉਮੀਦਵਾਰਾਂ ਨੂੰ ਇਹ ਆਸ ਸੀ ਕਿ ਹਲਕੇ ਦਾ ਵੱਡਾ ਆਗੂ ਉਨ੍ਹਾਂ ਦੀ ਮੰਝਧਾਰ 'ਚ ਫਸੀ ਕਿਸ਼ਤੀ ਨੂੰ ਪਾਰ ਲਾ ਦੇਵੇਗਾ ਪਰ ਹੋਇਆ ਇਸ ਤੋਂ ਬਿਲਕੁਲ ਉਲਟ | ਭਵਿਖ ਵਿਚ ਆਪਣੇ ਆਪ ਨੂੰ ਵਿਧਾਇਕ ਬਣਨ ਦੇ ਸੁਪਨੇ ਲੈਣ ਵਾਲੇ ਆਗੂ ਲਈ ਵੀ ਆਏ ਨਤੀਜੇ ਹਾਈ ਵੋਲਟ ਦਾ ਕਰੰਟ ਸਮਝੇ ਜਾ ਰਹੇ ਹਨ | ਖ਼ੈਰ ਭਾਜਪਾ ਦਾ ਹਲਕੇ ਵਿਚ ਖਾਤਾ ਨਾ ਖੁੱਲ੍ਹਣਾ ਕਿਤੇ ਨਾ ਕਿਤੇ ਪਾਰਟੀ ਲਈ ਸੋਚਣ ਵਾਲੀ ਗੱਲ ਹੈ | ਇਸ ਸੰਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡਾਂ ਵਿਚ ਸੰਮਤੀ ਦੀਆਂ ਚੋਣਾਂ ਪਹਿਲੀ ਵਾਰ ਲੜੀਆਂ ਹਨ ਤੇ ਇਸ ਲਈ ਕਿਤੇ ਨਾ ਕਿਤੇ ਘਾਟ ਰਹਿ ਗਈ ਹੈ | ਪਾਰਟੀ ਇਸ ਗੱਲ ਦਾ ਮੰਥਨ ਕਰੇਗੀ ਅਤੇ ਜੋ ਵੀ ਕਮੀ ਰਹੀ ਹੈ ਉਸ ਦਾ ਬੈਠ ਕੇ ਹੱਲ ਕੀਤਾ ਜਾਵੇਗਾ |