ਪਟਿਆਲਾ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਹਾਲ
ਅਜੀਤ ਡੈਸਕ
19-12-2025
ਪਟਿਆਲਾ, 18 ਦਸੰਬਰ-ਸੂਬੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪਟਿਆਲਾ ਜ਼ਿਲੇ੍ਹ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਆਜ਼ਾਦ ਉਮੀਦਵਾਰਾਂ ਵਲੋਂ ਆਪਣੀ ਕਿਸਮਤ ਅਜ਼ਮਾਈ ਗਈ¢ ਜ਼ਿਲੇ੍ਹ ਦੀ ਗੱਲ ਕਰੀਏ ਤਾਂ ਇਸ ਵਾਰ ਦੀਆਂ ਚੋਣਾਂ ਵਿਚ ਜਿਥੇ ਆਮ ਆਦਮੀ ਪਾਰਟੀ ਪਹਿਲੇ ਨੰਬਰ 'ਤੇ ਜੇਤੂ ਰਹੀ ਉੱਥੇ ਹੀ ਬੇਸ਼ੱਕ ਕਾਂਗਰਸ ਕੁਝ ਸੀਟਾਂ ਬਟੋਰਨ ਵਿਚ ਕਾਮਯਾਬ ਹੋਈ, ਪਰ ਜ਼ਿਲੇ੍ਹ ਵਿਚ ਕਾਂਗਰਸ ਦਾ ਪ੍ਰਦਰਸ਼ਨ ਸਭ ਤੋਂ ਖ਼ਰਾਬ ਰਿਹਾ¢ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਨਾਲੋਂ ਦੁੱਗਣਾ ਸਮਰਥਨ ਮਿਲਿਆ ਉੱਥੇ ਹੀ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਜਾਗੀ ਅਤੇ ਭਾਜਪਾ ਵੀ ਆਪਣੀ ਪਛਾਣ ਕਾਇਮ ਕਰਨ ਵਿਚ ਸਫਲ ਰਹੀ¢
ਆਮ ਆਦਮੀ ਪਾਰਟੀ-ਸੂਬੇ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਮਗਰੋਂ ਲਗਪਗ 4 ਸਾਲ ਦੀ ਉਡੀਕ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ¢ 2018 ਵਿਚ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕੋਈ ਸੀਟ ਨਹੀਂ ਨਸੀਬ ਹੋਈ ਸੀ, ਪਰ 2025 ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 23 ਜ਼ੋਨਾਂ ਵਿਚੋਂ 19 ਜੋਨ ਅਤੇ ਬਲਾਕ ਸੰਮਤੀ ਦੀਆਂ 184 ਸੀਟਾਂ ਵਿਚੋਂ 116 ਸੀਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤੀਆਂ¢ ਇਹ ਜਿੱਤ ਜਿਥੇ ਆਮ ਆਦਮੀ ਪਾਰਟੀ ਨੂੰ ਮਿਲੇ ਹਾਂ ਪੱਖੀ ਹੁੰਗਾਰੇ ਨੂੰ ਬਿਆਨ ਕਰਦੀ ਹੈ ਉੱਥੇ ਹੀ ਇਸ ਜਿੱਤ ਨਾਲ ਹੋਰਨਾਂ ਪਾਰਟੀਆਂ ਦੇ ਕੁਝ ਪੁਰਾਣੇ ਰਿਕਾਰਡ ਵੀ ਟੁੱਟਦੇ ਨਜ਼ਰ ਆਏ ਹਨ¢
ਕਾਂਗਰਸ-2018 ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਮੌਕੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਉਸ ਸਮੇਂ ਪਟਿਆਲਾ ਜ਼ਿਲੇ੍ਹ ਨੂੰ ਜਿੱਥੇ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ ਤਾਂ ਉੱਥੇ ਹੀ ਉਸ ਸਮੇਂ ਦੀ ਵੱਖ-ਵੱਖ ਰਾਜਸੀ ਨੇਤਾਵਾਂ ਨੇ ਪਟਿਆਲਾ ਜ਼ਿਲੇ੍ਹ ਵਿਚ ਕਾਂਗਰਸ ਦੇ ਝੰਡੇ ਨੂੰ ਬੁਲੰਦ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ 25 ਦੇ 25 ਜ਼ੋਨ ਜਿੱਤ ਕੇ ਵਿਖਾਏ ਸਨ, ਉੱਥੇ ਹੀ ਦੂਜੇ ਪਾਸੇ ਬਲਾਕ ਸੰਮਤੀ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2018 ਵਿਚ 193 ਬਲਾਕ ਸੰਮਤੀ ਸੀਟਾਂ ਵਿਚੋਂ 181 ਉੱਤੇ ਕਾਬਜ਼ ਹੋ ਕੇ ਦਿਖਾਇਆ ਸੀ ਜਦੋਂ ਕਿ ਹੁਣ 2025 ਦੀਆਂ ਉਕਤ ਚੋਣਾਂ ਵਿਚ ਕਾਂਗਰਸ ਪਾਰਟੀ ਜਿੰਨਾ ਖ਼ਰਾਬ ਪ੍ਰਦਰਸ਼ਨ ਕਿਸੇ ਹੋਰ ਪਾਰਟੀ ਦਾ ਨਹੀਂ ਰਿਹਾ¢ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਨੂੰ ਬਲਾਕ ਸੰਮਤੀ ਵਿਚੋਂ ਪਟਿਆਲਾ ਦਿਹਾਤੀ ਅਤੇ ਪਾਤੜਾਂ ਵਿਚੋਂ ਇਕ ਵੀ ਸੀਟ ਨਹੀਂ ਆਈ ਜਦੋਂ ਕਿ ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਵਿਚ ਕੇਵਲ 2 ਸੀਟਾਂ ਉੱਤੇ ਹੀ ਕਾਂਗਰਸ ਪਾਰਟੀ ਜੇਤੂ ਰਹਿ ਸਕੀ¢ ਇਸ ਵਾਰੀ ਕਾਂਗਰਸ ਵਲੋਂ ਸਭ ਤੋਂ ਵੱਧ ਸੀਟਾਂ ਰਾਜਪੁਰਾ ਅਤੇ ਸ਼ੰਭੂ ਤੋਂ ਪ੍ਰਾਪਤ ਕੀਤੀਆਂ ਗਈਆਂ¢ ਕਿਸੇ ਸਮੇਂ ਕਾਂਗਰਸੀਆਂ ਦਾ ਗੜ੍ਹ ਕਿਹਾ ਜਾਣ ਵਾਲਾ ਪਟਿਆਲਾ ਜ਼ਿਲ੍ਹਾ 'ਚ ਕਾਂਗਰਸ ਦਾ ਇਸ ਵਾਰ ਦਾ ਪ੍ਰਦਰਸ਼ਨ ਬੁਰਾ ਹੋ ਕੇ ਨਿਬੜਿਆ¢
ਸ਼੍ਰੋਮਣੀ ਅਕਾਲੀ ਦਲ-ਸ਼੍ਰੋਮਣੀ ਅਕਾਲੀ ਦਲ ਜੋ 2007 ਤੋਂ 2017 ਤੱਕ ਸੱਤਾ 'ਤੇ ਕਾਬਜ਼ ਰਿਹਾ ਵਲੋਂ 2018 ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਪਹਿਲਾਂ ਨਾਲੋਂ ਪ੍ਰਦਰਸ਼ਨ ਲਗਪਗ ਦੁੱਗਣਾ ਹੋ ਕੇ ਸਾਹਮਣੇ ਆਇਆ ਹੈ¢ 2018 ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਵਿਚ ਇਕ ਵੀ ਸੀਟ ਹਾਸਲ ਨਹੀਂ ਹੋਈ ਸੀ ਉੱਥੇ ਬਲਾਕ ਸੰਮਤੀ ਵਿਚ ਕੇਵਲ 10 ਸੀਟਾਂ ਉੱਤੇ ਹੀ ਅਕਾਲੀ ਦਲ ਜੇਤੂ ਹੋਇਆ ਸੀ, ਪਰ ਹੁਣ 2025 ਦੀਆਂ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਪਹਿਲਾਂ ਨਾਲੋਂ ਤਕੜਾ ਸਾਬਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਵਿਚ 2 ਅਤੇ ਬਲਾਕ ਸੰਮਤੀ ਵਿਚ 23 ਸੀਟਾਂ ਉੱਤੇ ਆਪਣੇ ਉਮੀਦਵਾਰਾਂ ਨੂੰ ਜਿਤਾ ਕੇ ਆਪਣੀ ਛਵੀ ਨੂੰ ਹੋਰ ਮਜ਼ਬੂਤ ਕੀਤਾ ਹੈ¢
ਆਜ਼ਾਦ-ਆਜ਼ਾਦ ਉਮੀਦਵਾਰਾਂ ਵਲੋਂ ਜਿੱਥੇ 2018 ਦੀ ਕਾਂਗਰਸ ਸਰਕਾਰ ਵੇਲੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਪਣੀ ਕਿਸਮ ਅਜ਼ਮਾਈ ਗਈ ਸੀ ਉੱਥੇ ਹੀ ਕੇਵਲ ਇਕ ਆਜ਼ਾਦ ਉਮੀਦਵਾਰ ਹੀ ਜੇਤੂ ਰਿਹਾ ਸੀ, ਪਰ ਇਸ ਵਾਰੀ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਚੱਲ ਰਹੇ ਜੋੜ ਤੋੜ ਅਤੇ ਰੁੱਸੇ ਆਗੂਆਂ ਵਲੋਂ ਆਪਣੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਬਣਾ ਕੇ ਚੋਣ ਲੜਾਈ ਗਈ, ਜਿਸ ਨਾਲ ਜਿੱਥੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ 2025 ਦੀਆਂ ਚੋਣਾਂ ਵਿਚ ਵੋਟਾਂ ਦਾ ਘਾਟਾ ਪਿਆ ਉੱਥੇ ਹੀ ਇਸ ਨਾਲ ਆਜ਼ਾਦ ਉਮੀਦਵਾਰ ਬਲਾਕ ਸੰਮਤੀ ਦੀਆਂ 7 ਸੀਟਾਂ 'ਤੇ ਜਿੱਤੇ¢
ਭਾਜਪਾ-ਭਾਜਪਾ ਜਿੱਥੇ ਲੰਬੇ ਸਮੇਂ ਤੋਂ ਸੂਬੇ ਵਿਚ ਪੈਰ ਜਮਾਉਣ ਲਈ ਧਰਾਤਲੀ ਪੱਧਰ 'ਤੇ ਮਿਹਨਤ ਕਰ ਰਹੀ ਹੈ ਉੱਥੇ ਹੀ ਕਾਂਗਰਸ ਦੇ ਵੱਡੇ ਆਗੂਆਂ ਦਾ ਭਾਜਪਾ ਵਿਚ ਜਾਣਾ ਭਾਜਪਾ ਨੂੰ ਸੂਬੇ ਵਿਚ ਪੈਰ ਟਿਕਾਉਣ ਸਹਾਈ ਹੁੰਦਾ ਸਾਹਮਣੇ ਆ ਰਿਹਾ ਹੈ¢ ਜਿਸ ਦਾ ਵੱਡਾ ਕਾਰਨ ਇਹ ਰਿਹਾ ਹੈ ਕਿ 2018 ਵਿਚ ਜਿੱਥੇ ਭਾਜਪਾ ਕੇਵਲ 1 ਸੀਟ ਬਲਾਕ ਸੰਮਤੀ ਜਿੱਤੀ ਸੀ ਉੱਥੇ ਇਸ ਵਾਰ ਭਾਜਪਾ ਨੇ ਪਟਿਆਲਾ ਅਤੇ ਪਾਤੜਾਂ ਵਿਚ ਬਲਾਕ ਸੰਮਤੀਆਂ ਦੀਆਂ 2 ਸੀਟਾਂ ਜਿੱਤੀਆਂ ਹਨ¢