ਨਾਭਾ, 19 ਦਸੰਬਰ (ਕਰਮਜੀਤ ਸਿੰਘ)-ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਚੁਬਾਰਾ ਸਾਹਿਬ ਛੀਟਾਂਵਾਲਾ ਤੋਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਤੇ ਜਥੇ. ਸਤਵਿੰਦਰ ਸਿੰਘ ਟੌਹੜਾ ਦੇ ਉੱਦਮ ਸਦਕਾ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਹੁਨਮਈ ਵਿਚ ਨਗਾਰਿਆਂ ਧੌਂਸਿਆ ਨਿਸ਼ਾਨਾ ਨਰਸਿੰਗਿਆਂ ਦੀਆਂ ਇਲਾਹੀ ਧੁਨਾਂ ਤੇ ਜੈਕਾਰਿਆਂ ਨਾਲ ਵਿਸ਼ਾਲ ਨਗਰ ਕੀਰਤਨ ਪੂਰੇ ਜਾਹੋ ਜਲਾਲ ਨਾਲ ਰਵਾਨਾ ਹੋਇਆ ਮਹਾਨ ਨਗਰ ਕੀਰਤਨ ਦੀ ਰਵਾਨਗੀ ਮੌਕੇ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸੰਤ ਆਸ਼ਰਮ ਧਬਲਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਰੋਸ਼ਨ ਸਿੰਘ, ਸੰਤ ਬਾਬਾ ਰਣਜੀਤ ਸਿੰਘ ਢੀਂਗੀ ਵਾਲੇ ਤੇ ਸੰਤ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਮਹਾਨ ਸ਼ਹੀਦਾ ਦੀ ਯਾਦ ਵਿੱਚ ਹਾਜਰੀ ਲਗਵਾਈ | ਇਸ ਮੌਕੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਭਾਵੇਂ ਕਰਜ ਤਾਂ ਨਹੀਂ ਉਤਾਰ ਸਕਦੇ ਪਰੰਤੂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਗੁਰੂ ਕੇ ਲਾਲਾਂ ਨੂੰ ਯਾਦ ਕਰਦਿਆਂ ਪੋਹ ਦੇ ਮਹੀਨੇ ਵਿਚ ਆਪਣੇ ਬੱਚਿਆਂ ਤੇ ਪਰਿਵਾਰਾਂ ਸਮੇਤ ਜਾ ਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਗੁਰੂ ਕੇ ਲਾਲਾਂ ਦੇ ਚਰਨਾਂ ਵਿਚ ਜਰੂਰ ਨਤਮਸਤਕ ਹੋਈਏ | ਇਸ ਵਿਸ਼ਾਲ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਆਪੋ ਆਪਣੇ ਵਾਹਨਾਂ ਰਾਹੀਂ ਨਗਰ ਕੀਰਤਨ ਵਿਚ ਸਮੂਲੀਅਤ ਕੀਤੀ ਤੇ ਨਗਰ ਕੀਰਤਨ ਦੌਰਾਨ ਖਾਲਸਾਈ ਬਾਣੇ ਵਿੱਚ ਸਜੇ ਹੋਏ ਬੱਚੇ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ | ਇਸ ਮੌਕੇ ਜਿੱਥੇ ਸਕੂਲੀ ਬੈਂਡ,ਗੱਤਕਾ ਪਾਰਟੀਆਂ ਨੇ ਆਪੋ ਆਪਣੀਆਂ ਖਾਲਸਾਈ ਖੇਡਾਂ ਦੇ ਸੰਗਤਾਂ ਨੂੰ ਜੌਹਰ ਦਿਖਾ ਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਿੱਜ਼ਦਾ ਕੀਤਾ ਉੱਥੇ ਹੀ ਨਗਰ ਕੀਰਤਨ ਦੌਰਾਨ ਇਲਾਕੇ ਦੇ ਨੌਜਵਾਨਾਂ ਦੀ ਸਮੁੱਚੀ ਟੀਮ ਵੱਲੋਂ ਵੱਡੀਆਂ ਸੇਵਾਵਾਂ ਨਿਭਾਈਆ | ਨਗਰ ਕੀਰਤਨ ਦੇ ਰੂਟ ਮੁਤਾਬਿਕ ਵੱਖ ਵੱਖ ਨਗਰਾਂ ਵਿੱਚ ਸਜਾਵਟੀ ਗੇਟ ਅਤੇ ਗੁਰੂ ਕੇ ਲੰਗਰ ਲਗਾ ਕੇ ਨਗਰ ਕੀਰਤਨ ਵਿਚ ਪਹੁੰਚ ਰਹੀਆਂ ਸੰਗਤਾਂ ਦਾ ਸਵਾਗਤ ਕੀਤਾ ਤੇ ਸ਼ਹੀਦਾਂ ਦੀ ਪਾਵਨ ਮੁਕੱਦਸ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਇਸ ਵਿਸਾਲ ਨਗਰ ਕੀਰਤਨ ਦੀ ਸੰਪੂਰਨਤਾ ਹੋਈ | ਇਸ ਸਮੇਂ ਸੁਪਰਵਾਈਜ਼ਰ ਹਰਮਿੰਦਰ ਸਿੰਘ, ਸਤਗੁਰ ਸਿੰਘ ਪ੍ਰਧਾਨ, ਟਹਿਲ ਸਿੰਘ ਛੀਟਾਵਾਲਾ, ਗੁਰਮੀਤ ਸਿੰਘ ਕੋਟ, ਟਹਿਲ ਸਿੰਘ ਬਿਨਾਂਹੇੜੀ, ਹਰਪਾਲ ਸਿੰਘ ਸਾਬਕਾ ਸਰਪੰਚ ਬਿਨਾਂ ਹੇੜੀ, ਹਰਜੀਤ ਸਿੰਘ ਗਿੱਲ ਕਕਰਾਲਾ, ਕੁਲਵਿੰਦਰ ਸਿੰਘ ਸੁੱਖੇਵਾਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨੇ ਹਾਜ਼ਰੀ ਲਗਵਾਈ |