ਸ੍ਰੀ ਮੁਕਤਸਰ ਸਾਹਿਬ, 5 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਪੰਜਾਬ 'ਚ ਆਏ ਹੜ੍ਹਾਂ ਤੇ ਹੋਰ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਪੰਜਾਬ 'ਚ ਆਏ ਹੜ੍ਹਾਂ ਸੰਬੰਧੀ ਕੇਂਦਰ ਸਰਕਾਰ ਦੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਗਈ | ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਵਿਚ ਆਏ ਹੜ੍ਹਾਂ ਨਾਲ ਜੋ ਨੁਕਸਾਨ ਹੋਇਆ ਹੈ, ਉਸ ਦਾ ਕੋਈ ਮੁਆਵਜ਼ਾ ਦੇਣ ਦੀ ਗੱਲ ਨਹੀਂ ਆਖੀ, ਪਰ ਅਫ਼ਗਾਨਿਸਤਾਨ ਤੇ ਜੰਮੂ ਵਿਚ ਹੋਏ ਨੁਕਸਾਨ 'ਤੇ ਦੁੱਖ ਜ਼ਾਹਿਰ ਕੀਤਾ, ਜੋ ਕਿ ਪੰਜਾਬ ਨਾਲ ਵਿਤਕਰੇ ਭਰਿਆ ਵਰਤਾਰਾ ਹੈ | ਨਕੋਦਰ ਦੀ 'ਆਪ' ਵਿਧਾਇਕਾ ਨੇ ਜੋ ਕਿਸਾਨ ਜਥੇਬੰਦੀਆਂ ਲਈ ਬਹੁਤ ਹੀ ਗ਼ਲਤ ਸ਼ਬਦਾਵਲੀ ਵਰਤੀ ਹੈ, ਉਸ ਦੀ ਕੌਮੀ ਕਿਸਾਨ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਵਿਧਾਇਕਾ ਤੋਂ ਲਿਖ਼ਤੀ ਰੂਪ ਵਿਚ ਮੁਆਫ਼ੀ ਵੀ ਮੰਗਵਾਈ ਜਾਵੇ | ਯੂਨੀਅਨ ਵਲੋਂ ਮੰਗ ਕੀਤੀ ਗਈ ਕਿ ਹੋਏ ਨੁਕਸਾਨ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਮਕਾਨਾਂ ਅਤੇ ਪਸ਼ੂਆਂ ਦਾ ਜੋ ਬਹੁਤ ਵੱਡਾ ਨੁਕਸਾਨ ਹੋਇਆ ਹੈ, ਉਸ ਦਾ ਸਰਵੇ ਕਰਵਾ ਕੇ ਤੁਰੰਤ ਬਣਦਾ ਮੁਆਵਜ਼ਾ ਦਿੱਤਾ ਜਾਵੇ | ਜੇਕਰ ਅਜਿਹਾ ਨਾ ਹੋਇਆ, ਤਾਂ ਯੂਨੀਅਨ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਰੁਪਿੰਦਰ ਸਿੰਘ ਡੋਹਕ, ਜਸਕਰਨ ਸਿੰਘ ਬੂੜਾ ਗੁੱਜਰ, ਬੂਟਾ ਸਿੰਘ ਦੂਹੇਵਾਲਾ, ਕੁਲਦੀਪ ਸਿੰਘ ਥਾਂਦੇਵਾਲਾ, ਭਿੰਦਰ ਸਿੰਘ ਲੰਬੀਢਾਬ, ਜਗਸੀਰ ਸਿੰਘ ਦੂਹੇਵਾਲਾ, ਰਛਪਾਲ ਸਿੰਘ ਮੁਕਤਸਰ, ਰਜਿੰਦਰ ਸਿੰਘ ਦੂਹੇਵਾਲਾ, ਸੇਵਕ ਸਿੰਘ ਭੁਲੇਰੀਆਂ, ਜਸਮੇਲ ਸਿੰਘ, ਗੁਰਜੀਤ ਸਿੰਘ ਮਹਿਮਾ ਹਾਜ਼ਰ ਸਨ |